ਪੂਰੀ ਦੁਨੀਆ 'ਚ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ, ਇਟਲੀ-ਸਪੇਨ 'ਚ ਘੱਟ ਹੋਣ ਲੱਗਾ ਪ੍ਰਕੋਪ

ਯੂਰਪ/ਮਾਨਚੈਸਟਰ/ਯੂ ਕੇ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)-

ਕੋਰੋਨਾ ਮਹਾਮਾਰੀ ਨਾਲ ਪੂਰੀ ਦੁਨੀਆ 'ਚ ਹੁਣ ਤਕ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 10 ਲੱਖ ਮਰੀਜ਼ ਇਕੱਲੇ ਯੂਰਪ ਦੇ ਹਨ। ਮਰਨ ਵਾਲਿਆਂ ਦੀ ਤਦਾਦ ਵੀ 1,26,871 ਹੋ ਗਈ ਹੈ। 70 ਫ਼ੀਸਦੀ ਮੌਤਾਂ ਇਕੱਲੇ ਯੂਰਪ 'ਚ ਹੋਈਆਂ ਹਨ। ਯੂਰਪ ਦੇ ਪੰਜ ਦੇਸ਼ ਇਟਲੀ, ਸਪੇਨ, ਬਰਤਾਨੀਆ, ਫਰਾਂਸ ਤੇ ਜਰਮਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਹਾਲਾਂਕਿ, ਬੁੱਧਵਾਰ ਨੂੰ ਇਟਲੀ ਤੇ ਸਪੇਨ 'ਚ ਕੋਰੋਨਾ ਦਾ ਪ੍ਰਭਾਵ ਘੱਟ ਹੋਣ ਦੇ ਸੰਕੇਤ ਮਿਲੇ, ਦੋਵੇਂ ਦੇਸ਼ਾਂ 'ਚ ਮਿ੍ਤਕਾਂ ਤੇ ਇਨਫੈਕਟਿਡਾਂ ਦੀ ਗਿਣਤੀ ਘੱਟ ਹੋਈ ਹੈ। ਉਂਜ ਪੂਰੀ ਤਰ੍ਹਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ 'ਚ ਹੋਈਆਂ ਹਨ। ਉਥੇ ਮਿ੍ਤਕਾਂ ਦੀ ਗਿਣਤੀ 26 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਸਪੇਨ 'ਚ ਪਿਛਲੇ 24 ਘੰਟਿਆਂ ਦੌਰਾਨ 523 ਲੋਕਾਂ ਦੀ ਮੌਤ ਹੋਈ ਹੈ। ਇਕ ਦਿਨ ਪਹਿਲਾਂ ਇਹ ਗਿਣਤੀ 567 ਸੀ। ਦੇਸ਼ 'ਚ ਮਿ੍ਤਕਾਂ ਦੀ ਕੁਲ ਗਿਣਤੀ 18,579 ਹੋ ਗਈ ਹੈ। ਅਮਰੀਕਾ ਤੇ ਇਟਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਸਪੇਨ 'ਚ ਹੋਈਆਂ ਹਨ। ਇਕ ਦਿਨ 'ਚ ਇਨਫੈਕਸ਼ਨ ਦੇ 5,092 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧ ਕੇ 1,77,633 ਹੋ ਗਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ ਨੇ ਕਿਹਾ ਕਿ ਹਾਲੇ ਫਿਲਹਾਲ ਅਸੀਂ 20 ਹਜ਼ਾਰ ਟੈਸਟ ਹਰੇਕ ਦਿਨ ਕਰ ਰਹੇ ਹਾਂ ਤੇ ਛੇਤੀ ਹੀ ਇਨ੍ਹਾਂ ਦੀ ਗਿਣਤੀ 'ਚ ਵਾਧਾ ਕਰਾਂਗੇ। ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਹਫ਼ਤੇ ਵੱਡੇ ਪੈਮਾਨੇ 'ਤੇ ਐਂਟੀਬਾਡੀ ਟੈਸਟ ਦੀ ਸ਼ੁਰੂਆਤ ਕੀਤੀ। ਇਸ ਲਈ 60 ਹਜ਼ਾਰ ਲੋਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ 'ਤੇ ਤਿੰਨ ਹਫ਼ਤੇ ਤਕ ਇਹ ਟੈਸਟ ਕੀਤਾ ਜਾਵੇਗਾ।

ਇਟਲੀ 'ਚ ਵੀ ਬੁੱਧਵਾਰ ਨੂੰ 578 ਲੋਕਾਂ ਦੀ ਮੌਤ ਹੋਈ। ਇਕ ਦਿਨ ਪਹਿਲਾਂ 602 ਲੋਕਾਂ ਦੀ ਜਾਨ ਗਈ ਸੀ। ਇਟਲੀ 'ਚ ਹੁਣ ਤਕ 21,645 ਲੋਕਾਂ ਦੀ ਮੌਤ ਹੋਈ ਹੈ। 2,667 ਨਵੇਂ ਮਾਮਲੇ ਆਏ, ਜਦਕਿ ਇਕ ਦਿਨ ਪਹਿਲਾਂ 2,972 ਨਵੇਂ ਕੇਸ ਸਾਹਮਣੇ ਆਏ ਸਨ। ਕੁਝ ਇਨਫੈਕਟਿਡ ਲੋਕਾਂ ਦਾ ਅੰਕੜਾ 1,65,155 ਹੋ ਗਿਆ ਹੈ।

ਜਰਮਨੀ 'ਚ ਲਾਕਡਾਊਨ ਨੂੰ ਤਿੰਨ ਮਈ ਤਕ ਵਧਾ ਦਿੱਤਾ ਗਿਆ ਹੈ।

ਫਿਨਲੈਂਡ ਨੇ ਰਾਜਧਾਨੀ ਹੇਲਸਿੰਕੀ 'ਚ ਪ੍ਰਵੇਸ਼ 'ਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਹੈ।

ਡੈੱਨਮਾਰਕ 'ਚ ਬੁੱਧਵਾਰ ਤੋਂ ਪਹਿਲੀ ਤੋਂ ਪੰਜਵੀਂ ਤਕ ਦੇ ਸਕੂਲ ਖੁੱਲ੍ਹ ਗਏ। ਹਾਲਾਂਕਿ ਬਾਕੀ ਜਮਾਤਾਂ ਦੀ ਪੜ੍ਹਾਈ ਪਹਿਲਾਂ ਹੀ ਤਰ੍ਹਾਂ ਆਨਲਾਈਨ ਹੀ ਹੋਵੇਗੀ।

ਕੋਰੋਨਾ ਮਹਾਮਾਰੀ ਨਾਲ ਅਰਥਚਾਰੇ 'ਤੇ ਪਏ ਅਸਰ ਨਾਲ ਸਿੱਝਣ ਲਈ ਸਵੀਡਨ ਸਰਕਾਰ ਨੇ ਲਗਪਗ 76 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।