18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ
ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-
ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲੇ ਅੰਦਰ ਤੰਬਾਕੂ ਕੰਟਰੋਲ ਐਕਟ ਕੋਟਪਾ (COTPA) ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਕਾਰਵਾਈ ਜਾਰੀ ਹੈ। ਜ਼ਿਲੇ ਅੰਦਰ ਪਬਲਿਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲਾ ਪ੍ਰੋਗਰਾਮ ਅਫਸਰ ਡਾ. ਮਨੂੰ ਵਿਜ ਨੇ ਐਕਟ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈ-ਸਿਗਰਟ 'ਤੇ ਪੂਰੀ ਤਰਾਂ ਪਾਬੰਦੀ ਹੈ, ਪਬਲਿਕ ਥਾਵਾਂ 'ਤੇ ਤੰਬਾਕੂ ਉਤਪਾਦ ਦੀ ਵਰਤੋਂ ਮਨਾ ਹੈ, ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੇ ਨਜ਼ਦੀਕ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਦੀ ਵਰਤੋਂ ਕਰ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ। ਇਸੇ ਲੜੀ ਤਹਿਤ ਸਿਵਲ ਸਰਜਨ ਲੁਧਿਆਣਾ ਵੱਲੋਂ ਗਠਿਤ ਟੀਮ ਜਿਸ ਵਿੱਚ ਡਰੱਗ ਵਿਭਾਗ ਦੇ ਅਧਿਕਾਰੀ, ਮਾਸ ਮੀਡੀਆ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਸਨ ਨੇ ਚੰਡੀਗੜ ਰੋਡ ਤੇ ਸਥਿਤ ਤੰਬਾਕੂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਤਾੜਨਾ ਕੀਤੀ ਕਿ ਤੰਬਾਕੂ ਐਕਟ ਪੂਰੀ ਤਰਾਂ ਲਾਗੂ ਕੀਤੇ ਜਾਣੇ ਜ਼ਰੂਰੀ ਹਨ ਅਗਰ ਕੋਈ ਵੀ ਕੁਤਾਹੀ ਕੀਤੀ ਜਾਂਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਚੈਕਿੰਗ ਸਮੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਡਾ. ਮੰਨੂੰ ਨੇ ਦੱਸਿਆ ਕਿ ਪੂਰੇ ਜ਼ਿਲੇ ਅੰਦਰ ਅਜਿਹੀ ਕਾਰਵਾਈ ਜਾਰੀ ਹੈ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਉਤਪਾਦਾਂ ਦੀ ਵਰਤੋਂ ਨਾਲ ਸਾਹ ਰੋਗ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇਨਾਂ ਦੀ ਵਰਤੋਂ ਤੋਂ ਹਮੇਸ਼ਾ ਹੀ ਜ਼ਿਆਦਾ ਤੋਂ ਜ਼ਿਆਦਾ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਬਿਲਕੁੱਲ ਵਰਤੋਂ ਨਹੀਂ ਕਰਨੀ ਚਾਹੀਦੀ। ਉਨਾਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਵੀ ਦਿੱਤੀ ਅਤੇ ਕਿਹਾ ਕਿ ਹਮੇਸ਼ਾ ਸਿਹਤਮੰਦ ਆਦਤਾਂ ਹੀ ਚੰਗੀ ਸਿਹਤ ਦੇ ਸਕਦੀਆਂ ਹਨ।