You are here

ਸਰਕਾਰੀ ਕਾਲਜ (ਲੜਕੇ) ਵਿਖੇ ਨਾਟਕ 'ਵੋ ਅਫ਼ਸਾਨਾ' ਦਾ ਮੰਚਨ 4 ਮਾਰਚ ਨੂੰ

ਕਾਲਜ ਦੇ 100 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੀ ਯਾਦ ਵਿੱਚ ਹੋਵੇਗਾ ਆਯੋਜਨ
ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ (ਲੜਕੇ) ਵੱਲੋਂ ਆਪਣੀ ਸਥਾਪਨਾ ਦੇ 100 ਸਾਲਾ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਹਨ, ਜਿਸ ਤਹਿਤ ਮਿਤੀ 4 ਮਾਰਚ, 2020 ਨੂੰ ਕਾਲਜ ਦੇ ਆਡੀਟੋਰੀਅਮ ਵਿਖੇ ਇਕ ਕਾਵਿ ਮਈ ਨਾਟਕ 'ਵੋ ਅਫ਼ਸਾਨਾ' ਦਾ ਮੰਚਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਨੇ ਅੱਜ ਕਾਲਜ ਵਿਖੇ ਸੱਦੀ ਵਿਸ਼ੇਸ਼ ਪੱਤਰਕਾਰ ਮਿਲਣੀ ਦੌਰਾਨ ਕਹੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਧੂ ਨੇ ਦੱਸਿਆ ਕਿ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ (ਲੜਕੇ) ਪੰਜਾਬ ਦਾ ਇੱਕ ਅਜਿਹਾ ਕਾਲਜ ਹੈ, ਜੋ ਕਿ ਪਿਛਲੇ 100 ਸਾਲਾਂ ਤੋਂ ਲਗਾਤਾਰ ਰਾਸ਼ਟਰ ਨਿਰਮਾਣ ਦੀ ਅਨਮੋਲ ਸੇਵਾ ਨਿਭਾਅ ਰਿਹਾ ਹੈ। ਇਸਦੇ ਇਸ ਯਾਦਗਾਰ ਸਫ਼ਰ ਵਿੱਚ ਬਹੁਤ ਸਾਰੇ ਉੱਚ ਕੋਟੀ ਦੀਆਂ ਹਸਤੀਆਂ ਦਾ ਯੋਗਦਾਨ ਰਿਹਾ, ਜਿਨਾਂ ਨੇ ਆਪਣੇ ਬੌਧਿਕ ਅਤੇ ਕਲਾਤਮਕ ਤਰੀਕਿਆਂ ਨਾਲ ਸਮਾਜ ਵਿੱਚ ਇੱਕ ਛਾਪ ਛੱਡੀ। ਉਨਾਂ ਕਿਹਾ ਕਿ ਇਸੇ ਛਾਪ ਨੂੰ ਜੀਵਤ ਰੱਖਣ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਕਾਲਜ ਵੱਲੋਂ ਇਸ ਸਾਲ ਕਾਲਜ ਦਾ ਸ਼ਤਾਬਦੀ ਸਥਾਪਨਾ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਮਾਗਮਾਂ ਦੀ ਲੜੀ ਵਿੱਚ ਹੀ ਮਿਤੀ 4 ਮਾਰਚ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਕਾਲਜ ਦੇ ਸ਼ਾਨਦਾਰ ਆਡੀਟੋਰੀਅਮ ਵਿੱਚ ਕਾਵਿ ਮਈ ਨਾਟਕ 'ਵੋ ਅਫ਼ਸਾਨਾ' ਦਾ ਮੰਚਨ ਕੀਤਾ ਜਾਵੇਗਾ। ਇਹ ਨਾਟਕ ਮਸ਼ਹੂਰ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਯਾਦ ਨੂੰ ਸਮਰਪਿਤ ਹੋਵੇਗਾ। ਉਨਾਂ ਦੱਸਿਆ ਕਿ ਇਹ ਨਾਟਕ ਲੁਧਿਆਣਾ ਸੰਸਕ੍ਰਿਤ ਸਮਾਗਮ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਸੰਧੂ ਨੇ ਕਾਲਜ ਦੇ ਇਤਿਹਾਸ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਦਿਅਕ ਪੱਧਰ 'ਤੇ ਇਸ ਕਾਲਜ ਨੇ 100 ਸਾਲਾਂ ਵਿੱਚ ਕਈ ਮਹਾਨ ਹਸਤੀਆਂ ਸਮਾਜ ਨੂੰ ਦਿੱਤੀਆਂ।12 ਵਿਦਿਆਰਥੀਆਂ ਨਾਲ 1920 ਵਿੱਚ ਇਹ ਕਾਲਜ ਸ਼ੁਰੂ ਕੀਤਾ ਗਿਆ ਅਤੇ ਅੱਜ 5000 ਵਿਦਿਆਰਥੀ ਅਤੇ 150 ਅਧਿਆਪਕ ਸਾਹਿਬਾਨ ਇਸ ਵਿਦਿਅਕ ਅਦਾਰੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। 11 ਪੋਸਟ ਗਰੈਜੂਏਟ ਵਿਭਾਗ ਸਥਾਪਤ ਕੀਤੇ ਜਾ ਚੁੱਕੇ ਹਨ, ਜੋ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਪੱਧਰ 'ਤੇ ਆਪਣੀਆਂ ਪੁਜੀਸ਼ਨਾਂ ਹਾਸਿਲ ਕਰ ਰਹੇ ਹਨ। ਪ੍ਰੈੱਸ ਕਾਨਫਰੰਸ ਨੂੰ ਲੁਧਿਆਣਾ ਸੰਸਕ੍ਰਿਤ ਸਮਾਗਮ ਦੇ ਉੱਪ ਪ੍ਰਧਾਨ ਅਮ੍ਰਿਤ ਨਾਗਪਾਲ ਅਤੇ ਜਨਰਲ ਸਕੱਤਰ ਐੱਸ. ਕੇ. ਰਾਏ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਨਵਦੀਪ ਸਿੰਘ ਐੱਫ. ਐੱਮ. ਗੋਲਡ ਲੁਧਿਆਣਾ, ਬ੍ਰਿਜ ਭੂਸ਼ਣ ਗੋਇਲ ਅਤੇ ਹੋਰ ਵੀ ਹਾਜ਼ਰ ਸਨ।