ਟੀਟੂ ਬਾਣੀਏ ਨੇ ਕੂੜੇ ਦੇ ਢੇਰ ਨੇੜੇ ਨੱਚ ਕੇ ਭੰਡੀ ਸਰਕਾਰ

ਲੁਧਿਆਣਾ,  ਮਈ  ਲੁਧਿਆਣਾ ਤੋਂ ਚੋਣ ਮੈਦਾਨ ਵਿਚ ਉਤਰੇ ਆਜ਼ਾਦ ਉਮੀਦਵਾਰ ਟੀਟੂ ਬਾਣੀਏ ਨੇ ਇੱਥੇ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ’ਤੇ ਭੰਗੜਾ ਪਾ ਕੇ ਸਰਕਾਰ ਖ਼ਿਲਾਫ਼ ਵਿਅੰਗ ਕੱਸਣ ਦੀ ਕੋਸ਼ਿਸ਼ ਕੀਤੀ। ਟੀਟੂ ਬਾਣੀਆ ਹਰ ਵਾਰ ਕਿਸੇ ਨਾ ਕਿਸੇ ਨਵੇਂ ਤਰੀਕੇ ਨਾਲ ਚੋਣ ਪ੍ਰਚਾਰ ਕਰਦਾ ਹੈ। ਇਸ ਵਾਰ ਉਸ ਨੇ ਮੁੱਲਾਂਪੁਰ ਵਿਚ ਲੱਗੇ ਕੂੜੇ ਦੇ ਢੇਰਾਂ ’ਤੇ ਢੋਲ ਤੇ ਚਿਮਟੇ ਲੈ ਕੇ ਭੰਗੜਾ ਪਾਇਆ। ਨਾਮਜ਼ਦਗੀ ਵੇਲੇ ਖਸਖਸ ਦਾ ਹਾਰ ਪਾ ਕੇ ਆਏ ਤੇ ਚੋਣ ਪ੍ਰਚਾਰ ਦੇ ਖ਼ਰਚੇ ਲਈ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰਨ ਵਾਲੇ ਆਜ਼ਾਦ ਉਮੀਦਵਾਰ ਟੀਟੂ ਬਾਣੀਏ ਨੇ ਐਤਵਾਰ ਨੂੰ ਰਾਏਕੋਟ ਨੇੜੇ ਦਾਣਾ ਮੰਡੀ ਮੁੱਲਾਂਪੁਰ ਵਿਚ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਖ਼ਿਲਾਫ਼ ਨਿਵੇਕਲੇ ਢੰਗ ਨਾਲ ਪ੍ਰਦਰਸ਼ਨ ਕੀਤਾ। ਟੀਟੂ ਬਾਣੀਆ ਸਵੇਰੇ 11 ਵਜੇ ਦੇ ਕਰੀਬ ਆਪਣੀ ਪ੍ਰਚਾਰ ਵੈਨ ਤੇ ਭੰਗੜਾ ਪਾਉਣ ਵਾਲੀ ਟੀਮ ਨੂੰ ਨਾਲ ਲੈ ਕੇ ਮੁੱਲਾਂਪੁਰ ਨੇੜੇ ਕੂੜੇ ਵਾਲੀ ਥਾਂ ’ਤੇ ਪੁੱਜਿਆ ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੋਂ ਲੰਘਣ ਵਾਲੇ ਲੋਕ ਖੜ੍ਹੇ ਹੋ ਕੇ ਉਸ ਨੂੰ ਵੇਖਣ ਲੱਗ ਪਏ। ਜਿਵੇਂ ਹੀ ਉੱਥੇ ਕੁਝ ਲੋਕ ਇਕੱਠੇ ਹੋ ਗਏ ਤਾਂ ਟੀਟੂ ਬਾਣੀਏ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟੀਟੂ ਬਾਣੀਆ ਨੇ ਕਿਹਾ ਕਿ ਇਸ ਥਾਂ ’ਤੇ ਲੰਮੇ ਸਮੇਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਕੂੜਾ ਚੁਕਾਉਣ ਵਿਚ ਮੁੱਲਾਂਪੁਰ ਦੀ ਨਗਰ ਕੌਂਸਲ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਉਹ ਚੋਣ ਜਿੱਤਦੇ ਹਨ ਤਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦਿਨਾਂ ਵਿਚ ਹੀ ਦੂਰ ਕਰ ਦੇਣਗੇ।