You are here

23 ਮਾਰਚ ਨੂੰ ਲੱਗੇਗਾ ਥਾਣੇ ਮੂਹਰੇ ਅਣਮਿਥੇ ਸਮੇਂ ਦਾ ਧਰਨਾ 

ਮਾਮਲਾ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਏ.ਅੈਸ.ਆਈ ਤੇ ਸਰਪੰਚ ਦੀ ਗ੍ਰਿਫਤਾਰੀ ਦਾ

ਬਿਨਾਂ ਜ਼ਮਾਨਤ ਤੋਂ ਸੰਗੀਨ ਧਾਰਾਵਾਂ ਦੇ ਦੋਸ਼ੀ ਫਿਰ ਰਹੇ ਨੇ ਖੁੱਲ੍ਹੇ!

ਜਗਰਾਉਂ 14 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸਥਾਨਕ ਪੁਲਿਸ ਵਲੋਂ ਜਾਣਬੁੱਝ ਕੇ ਸੰਗੀਨ ਧਾਰਾਵਾਂ ਅਧੀਨ ਸਿਟੀ ਥਾਣੇ 'ਚ ਦਰਕ ਕੀਤੇ ਮੁਕੱਦਮੇ ਦੇ ਦੋਸ਼ੀ ਡੀ.ਅੈਸ.ਪੀ.ਗੁਰਿੰਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨਾਂ ਕਰਨ ਤੋਂ ਖਫਾ ਹੋਈਆਂ ਜਨਤਕ ਜੱਥੇਬੰਦੀਆਂ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਹਾਨ ਸ਼ਹੀਦ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਨ 23 ਮਾਰਚ ਨੂੰ ਸਿਟੀ ਥਾਣੇ ਅੱਗੇ ਅਣਮਿਥੇ ਸਮੇਂ ਦੇ ਧਰਨੇ 'ਤੇ ਬੈਠਣ ਦਾ ਅੈਲ਼ਾਨ ਕਰ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ 'ਚ ਇਕੱਤਰ ਹੋਈਆਂ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਦੇ ਆਗੂਆਂ ਦੀ ਅੱਜ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਭਵਨ 'ਚ ਹੋਈ ਇਕ ਵਿਸ਼ੇਸ਼ ਮੀਟਿੰਗ ਵਿੱਚ ਲਏ ਸਾਂਝੇ ਫੈਸਲ਼ੇ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਘੀ 24 ਜਨਵਰੀ ਨੂੰ ਪੁਲਿਸ ਅਧਿਕਾਰੀਆਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਕੀਤੇ ਵਾਅਦੇ ਤੋਂ ਮੁਕਰਨ ਅਤੇ ਜਾਣਬੁੱਝ ਕੇ ਕਾਨੂੰਨ ਨੂੰ ਛਿੱਕੇ ਟੰਗਣ ਦੇ ਰੋਸ ਵਜੋਂ ਹੀ ਅਸੀਂ ਅਣਮਿਥੇ ਧਰਨੇ 'ਤੇ ਬੈਠਣ ਲਈ ਮਜ਼ਬੂਰ ਹਾਂ। ਉਨ੍ਹਾਂ ਕਿਹਾ ਕਿ ਮੁਕੱਦਮੇ 'ਚ ਨਾਮਜ਼ਦ ਆਮ ਬੰਦੇ ਲਈ ਪੁਲਿਸ ਦਾ ਵਤੀਰਾ ਹੋਰ ਅਤੇ ਮੁਕੱਦਮੇ 'ਚ ਨਾਮਜ਼ਦ ਖਾਸ ਬੰਦੇ ਭਾਵ ਪੁਲਿਸ ਮੁਲਾਜ਼ਮ ਪ੍ਰਤੀ ਹੋਰ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮੁਕੱਦਮੇ ਵਿੱਚ ਦੋਸ਼ੀ ਡੀ.ਅੈਸ.ਪੀ. ਦੀ ਜਗ੍ਹਾ ਕੋਈ ਆਮ ਬੰਦਾ ਹੁੰਦਾ ਤਾਂ ਕਦੇ ਦਾ ਉਸ ਦਾ ਸਾਰਾ ਟੱਬਰ ਚੁੱਕ ਲਿਆਉਣਾ ਸੀ ਪਰ ਜਗਰਾਉਂ ਪੁਲਿਸ ਆਪਣੇ ਚਹੇਤੇ ਡੀ.ਅੈਸ.ਪੀ. ਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਪੁਲਿਸ ਦੀਆਂ, ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਝੂਠੇ ਗਵਾਹ ਤੇ ਝੂਠਾ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਇਸ ਸੰਗੀਨ ਕੇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 23 ਮਾਰਚ ਦੇ ਧਰਨੇ ਸਬੰਧੀ ਕੱਲ੍ਹ ਤੋਂ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਤੇ ਰੈਲ਼ੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਾਧੂ ਸਿੰਘ ਅੱਚਰਵਾਲ ਤੇ ਯੂਥ ਕਨਵੀਨਰ ਮਨੋਹਰ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ, ਪੇੰਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ,  ਯੂਨੀਵਰਸਲ ਹਿਉਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਆਲ ਇੰਡੀਆ ਟ੍ਰੇਡ ਯੂਨੀਅਨ ਦੇ ਆਗੂ ਜਗਦੀਸ਼ ਸਿੰਘ ਕਾਉਂਕੇ, ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਪੋਨਾ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ, ਦਸਮੇਸ਼ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਜਸਦੇਵ ਸਿੰਘ ਲਲਤੋਂ ਕੁਲਦੀਪ ਸਿੰਘ ਚੋਹਾਨ, ਸਰਪੰਚ ਬਲਵੀਰ ਸਿੰਘ ਆਦਿ ਹਾਜ਼ਰ ਸਨ।