ਸ੍ਰੀਨਗਰ-ਲੇਹ ਮਾਰਗ ਚਾਰ ਮਹੀਨਿਆਂ ਬਾਅਦ ਖੁੱਲ੍ਹਿਆ

ਜ਼ੋਜੀਲਾ (ਜੰਮੂ-ਕਸ਼ਮੀਰ),  ਅਪਰੈਲ  ਕਸ਼ਮੀਰ ਵਾਦੀ ਨੂੰ ਲੱਦਾਖ ਖੇਤਰ ਨਾਲ ਜੋੜਨ ਵਾਲਾ 434 ਕਿਲੋਮੀਟਰ ਲੰਬਾ ਸ੍ਰੀਨਗਰ-ਲੇਹ ਸ਼ਾਹਰਾਹ, ਚਾਰ ਮਹੀਨਿਆਂ ਬਾਅਦ ਅੱਜ ਆਵਾਜਾਈ ਲਈ ਖੁੱਲ੍ਹ ਗਿਆ। ਭਾਰੀ ਬਰਫ਼ਬਾਰੀ ਕਾਰਨ ਇਹ ਮਾਰਗ ਬੰਦ ਹੋ ਗਿਆ ਸੀ। ਇੱਥੇ ਜ਼ੀਰੋ ਪੁਆਇੰਟ ’ਤੇ ਹੋਏ ਇਕ ਸਮਾਰੋਹ ਦੌਰਾਨ ਭਾਰਤੀ ਫ਼ੌਜ ਦੀ 15 ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੇ ਹੋਰ ਅਧਿਕਾਰੀਆਂ ਦੇ ਨਾਲ ਸ਼ਾਹਰਾਹ ਨੂੰ ਮੁੜ ਖੋਲ੍ਹਿਆ। ਇਹ ਸ਼ਾਹਰਾਹ ਲੰਘੇ ਸਾਲ ਦਸੰਬਰ ਮਹੀਨੇ ਦੇ ਅੱਧ ਵਿੱਚ ਗੰਦਰਬਲ ਜ਼ਿਲ੍ਹੇ ’ਚ ਗਗਨਗੀਰ ਤੋਂ ਲੈ ਕੇ ਕਾਰਗਿਲ ਜ਼ਿਲ੍ਹੇ ’ਚ ਦਰਾਸ ਤੱਕ ਹੋਈ ਭਾਰੀ ਬਰਫ਼ਬਾਰੀ ਕਾਰਨ ਬੰਦ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਗਗਨਗੀਰ ਤੋਂ ਜ਼ੀਰੋ ਪੁਆਇੰਟ ਤੱਕ ਬਰਫ਼ ਹਟਾਉਣ ਦਾ ਕੰਮ ਸੀਮਾ ਸੜਕ ਸੰਗਠਨ ਵੱਲੋਂ ਪ੍ਰਾਜੈਕਟ ਬੈਕਨ ਤਹਿਤ ਕੀਤਾ ਗਿਆ, ਜਦੋਂਕਿ ਦਰਾਸ ਤੋਂ ਜ਼ੀਰੋ ਪੁਆਇੰਟ ਤੱਕ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਪ੍ਰਾਜੈਕਟ ਵਿਨਾਇਕ ਅਧੀਨ ਕੀਤਾ ਗਿਆ। ਪ੍ਰਾਜੈਕਟ ਬੈਕਨ 14 ਅਪਰੈਲ ਨੂੰ ਪ੍ਰਾਜੈਕਟ ਵਿਨਾਇਕ ਤੋਂ ਇਕ ਦਿਨ ਪਹਿਲਾਂ ਪੂਰਾ ਹੋ ਗਿਆ ਸੀ। ਦੋਵੇਂ ਅਪਰੇਸ਼ਨ 5 ਮਾਰਚ ਨੂੰ ਸ਼ੁਰੂ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਕੰਮ ਨੂੰ ਨੇਪਰੇ ਚਾੜ੍ਹਨ ਲਈ ਡੋਜ਼ਰਜ਼, ਅਰਥਮੂਵਰਜ਼, ਵ੍ਹੀਲ ਲੋਡਰਜ਼, ਸਨੋਅ ਕਟਰਜ਼ ਅਤੇ ਹੋਰ ਸਰੋਤਾਂ ਦਾ ਇਸਤੇਮਾਲ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਕੰਮ ਵਿੱਚ ਬਰਫ਼ ਦੀਆਂ ਢਿੱਗਾਂ ਡਿੱਗਣ, ਬੇਹੱਦ ਖ਼ਰਾਬ ਮੌਸਮ ਅਤੇ ਕਈ ਥਾਵਾਂ ’ਤੇ 30 ਤੋਂ 40 ਫੁੱਟ ਬਰਫ਼ਬਾਰੀ ਹੋਣ ਵਰਗੀਆਂ ਸਮੱਸਿਆਵਾਂ ਸਨ। ਇਸ ਦੇ ਨਾਲ ਹੀ ਘੱਟ ਤਾਪਮਾਨ ਕਾਰਨ ਪਾਣੀ ਜੰਮਣ ਦਾ ਖ਼ਤਰਾ ਵੀ ਸੀ। ਉਨ੍ਹਾਂ ਕਿਹਾ ਕਿ ਬਰਫ਼ ਹਟਾਉਣ ਦਾ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਪੂਰਾ ਕੀਤਾ ਗਿਆ ਪਰ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਾਲੇ ਵਿਅਕਤੀਆਂ ਦੀ ਸ਼ਲਾਘਾ ਕਰਨੀ ਬਣਦੀ ਹੈ।