ਬਿੱਟੂ ਦੀ ਪਤਨੀ ਨੇ ਸਾਂਭੀ ਚੋਣ ਪ੍ਰਚਾਰ ਦੀ ਕਮਾਨ

ਲੁਧਿਆਣਾ, ਅਪਰੈਲ  ਚੋਣਾਂ ਦੇ ਦਿਨ ਨੇੜੇ ਆਉਣ ਦੇ ਨਾਲ ਹੀ ਲੋਕ ਸਭਾ ਚੋਣਾਂ ਦੀ ਜੰਗ ਦਾ ਮੈਦਾਨ ਭਖਦਾ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਪਤਨੀ ਅਨੁਪਮਾ ਝੱਜ ਨੇ ਅੱਜ ਬੀਬੀਆਂ ਦੇ ਜਥੇ ਦੇ ਨਾਲ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਆਪਣੇ ਪਤੀ ਲਈ ਵੋਟਾਂ ਮੰਗੀਆਂ। ਉਨ੍ਹਾਂ ਦੇ ਨਾਲ ਵਿਧਾਇਕ ਸੁਰਿੰਦਰ ਡਾਵਰ ਦੀ ਪਤਨੀ ਨੀਲਮ ਡਾਵਰ ਵੀ ਮੌਜੂਦ ਸੀ। ਉਨ੍ਹਾਂ ਨੜੀ ਮੁਹੱਲਾ ਅਤੇ ਮਾਲੀ ਗੰਜ ਵਿੱਚ ਘਰ ਘਰ ਚੋਣ ਪ੍ਰਚਾਰ ਕਰਦਿਆਂ ਬਿੱਟੂ ਲਈ ਵੋਟਾਂ ਮੰਗੀਆਂ। ਉਹ ਵਾਰਡ ਦੀਆਂ ਅੌਰਤਾਂ ਨੂੰ ਘਰਾਂ ਵਿੱਚ ਜਾ ਕੇ ਮਿਲੀਆਂ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ’ਚ ਤੇਜੀ ਲਿਆਉਣ ਲਈ ਬਿੱਟੂ ਨੂੰ ਜਿਤਾਉਣ ਦੀ ਅਪੀਲ ਕੀਤੀ।
ਦਲਿਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਉਤਰ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਮੋਢੇ ਨਾਲ ਮੋਢਾ ਜੋੜ ਕੇ ਰਵਨੀਤ ਬਿੱਟੂ ਦਾ ਸਾਥ ਦੇਵੇਗਾ ਅਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ ਕਿਹਾ ਕਿ ਦਲਿਤ ਭਾਈਚਾਰਾ ਹਮੇਸ਼ਾਂ ਕਾਂਗਰਸ ਪਾਰਟੀ ਦੇ ਨਾਲ ਡੱਟ ਕੇ ਖੜ੍ਹਦਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਨੇ ਵੀ ਸਦਾ ਭਾਈਚਾਰੇ ਦੇ ਹਿਤਾਂ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਨਰੇਸ਼ ਧੀਂਗਾਨ, ਦੀਪਕ ਹੰਸ, ਚੇਤਨ ਧਾਰੀਵਾਲ, ਕੇ.ਪੀ.ਰਾਣਾ, ਸੁਰਿੰਦਰ ਕਲਿਆਣ, ਦਾਰਾ ਟਾਂਕ, ਅਜੇ ਪਾਲ, ਧਰਮਵੀਰ, ਅਜੈ ਸਿੱਧੂ ਆਦਿ ਮੌਜੂਦ ਸਨ।
ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਰੱਖ ਬਾਗ ’ਚ ਪਕਸ਼ੀ ਸੇਵਾ ਸੁਸਾਇਟੀ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਪੁੱਜ ਪੰਛੀਆਂ ਨੂੰ ਦਾਣਾ ਪਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਯੂਪੀਏ ਸਰਕਾਰ ਵਾਤਾਵਰਣ ਦੀ ਸੰਭਾਲ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਸ਼ਹਿਰੀ ਹਲਕਿਆਂ ਵਿੱਚ ਖਾਲੀ ਥਾਵਾਂ ਉੱਪਰ ਬੂਟੇ ਲਾਉਣ ਦਾ ਵੱਡਾ ਪ੍ਰੋਗਰਾਮ ਉਲੀਕੇਗੀ। ਉਨ੍ਹਾਂ ਕਿਹਾ ਕਿ ਰੁੱਖਾਂ ਦੇ ਨਾਲ-ਨਾਲ ਪੰਛੀਆਂ ਦੀ ਸੰਭਾਲ ਵੀ ਜ਼ਰੂਰੀ ਹੈ।