ਬਿ੍ਟੇਨ ਗੋਰਮਿੰਟ ਨੇ ਕੋਰੋਨਾ ਨਾਲ ਨਿਪਟਣ ਲਈ ਤਿੰਨ ਪੱਧਰੀ ਯੋਜਨਾ ਦਾ ਐਲਾਨ

ਲੰਡਨ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ)-

ਬਿ੍ਟੇਨ ਵਿਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਕ ਤਿੰਨ ਪੱਧਰੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਲਿਵਰਪੂਲ ਸ਼ਹਿਰ ਨੂੰ ਸਭ ਤੋਂ ਵੱਧ ਜੋਖ਼ਮ ਵਾਲੇ ਥਾਵਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇੱਥੇ ਪਬ, ਜਿਮ ਅਤੇ ਕੈਸੀਨੋ ਬੰਦ ਰਹਿਣਗੇ। ਇਸ ਯੂਰਪੀ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਕਰੀਬ 14 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਕੁਲ ਅੰਕੜਾ ਛੇ ਲੱਖ 17 ਹਜ਼ਾਰ ਤੋਂ ਜ਼ਿਆਦਾ ਹੋ ਗਿਆ। ਹੁਣ ਤਕ ਕੁਲ 42 ਹਜ਼ਾਰ 825 ਪੀੜਤਾਂ ਦੀ ਮੌਤ ਹੋਈ ਹੈ।

ਪ੍ਰਧਾਨ ਮੰਤਰੀ ਜੌਨਸਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਅਹਿਮ ਦੌਰ ਵਿਚ ਹੈ। ਸਥਾਨਕ ਨਿਯਮਾਂ ਨੂੰ ਲੈ ਕੇ ਉਭਰੇ ਭਰਮ ਨੂੰ ਦੂਰ ਕਰਨ ਲਈ ਕੌਮੀ ਪੱਧਰ 'ਤੇ ਇਕ ਤਿੰਨ ਪੱਧਰੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਨੂੰ ਤਿੰਨ ਪੜਾਵਾਂ ਵਿਚ ਲਾਗੂ ਕੀਤਾ ਜਾਵੇਗਾ। ਜੌਨਸਨ ਨੇ ਕਿਹਾ ਕਿ ਨਵੀਂ ਵਿਵਸਥਾ ਦਾ ਟੀਚਾ ਬਿਨਾਂ ਲਾਕਡਾਊਨ ਕੀਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣਾ ਹੈ। ਇਸ ਯੋਜਨਾ ਵਿਚ ਖ਼ਤਰੇ ਦੇ ਲਿਹਾਜ਼ ਤੋਂ ਤਿੰਨ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਇੰਗਲੈਂਡ ਦੇ ਵੱਖ-ਵੱਖ ਖੇਤਰਾਂ ਨੂੰ ਇਨ੍ਹਾਂ ਸ਼੍ਰੇਣੀਆਂ ਵਿਚ ਰੱਖਿਆ ਗਿਆ ਹੈ। ਇੱਥੇ ਉਨ੍ਹਾਂ ਥਾਵਾਂ ਨੂੰ ਸਭ ਤੋਂ ਵੱਧ ਜੋਖ਼ਮ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜਿੱਥੇ ਸਭ ਤੋਂ ਵੱਧ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਘੱਟ ਜੋਖ਼ਮ ਵਾਲੇ ਇਲਾਕਿਆਂ ਵਿਚ 10 ਵਜੇ ਪਿੱਛੋਂ ਪਬ ਅਤੇ ਰੈਸਤਰਾਂ ਨਹੀਂ ਖੁੱਲ੍ਹਣਗੇ। ਛੇ ਲੋਕਾਂ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਰਹੇਗੀ। ਉੱਚ ਖ਼ਤਰੇ ਵਾਲੇ ਥਾਵਾਂ 'ਤੇ ਇਨ੍ਹਾਂ ਪਾਬੰਦੀਆਂ ਦੇ ਨਾਲ ਹੀ ਗੁਆਂਢ ਦੇ ਲੋਕਾਂ ਦੇ ਮਿਲਣ-ਜੁਲਣ 'ਤੇ ਰੋਕ ਲਗਾਈ ਗਈ ਹੈ ਜਦਕਿ ਸਭ ਤੋਂ ਵੱਧ ਜੋਖ਼ਮ ਵਾਲੇ ਇਲਾਕਿਆਂ ਵਿਚ ਪਬ, ਜਿਮ ਅਤੇ ਕੈਸੀਨੋ ਵੀ ਬੰਦ ਰਹਿਣਗੇ।