ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ 'ਅਕਾਲ ਯੂਥ' ਜਥੇਬੰਦੀ ਦੀ ਸਥਾਪਨਾ 

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-   

ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ 'ਅਕਾਲ ਯੂਥ' ਨਾਂ ਦੀ ਜਥੇਬੰਦੀ ਸਥਾਪਤ ਕੀਤੀ ਹੈ, ਇਸ ਬਾਰੇ ਰਸਮੀ ਐਲਾਨ ਅਕਾਲ ਤਖ਼ਤ ਤੇ ਪੰਜਾਂ ਸਿੰਘਾਂ ਵੱਲੋਂ ਅਰਦਾਸ ਕਰ ਕੇ ਵੀਰਵਾਰ ਨੂੰ ਕੀਤਾ ਜਾਵੇਗਾ। 'ਅਕਾਲ ਯੂਥ' ਦੀ ਸਥਾਪਨਾ ਦੀ ਲੋੜ ਕਿਉਂ ਪਈ? ਬਾਰੇ ਹਵਾਰਾ ਨੇ ਦਾਅਵਾ ਕੀਤਾ ਹੈ ਕਿ ਸਿੱਖ ਸਮਾਜ ਦੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਨਾਲਾਇਕੀ, ਖ਼ੁਦਗ਼ਰਜ਼ੀ ਕਾਰਨ ਲੰਘੇ ਕਾਫ਼ੀ ਅਰਸੇ ਤੋਂ ਪੰਥਕ ਸਫ਼ਾਂ ਵਿਚ ਵਾਪਰੀਆਂ ਘਟਨਾਵਾਂ ਨੇ ਕੌਮ ਨੂੰ ਵੱਡੀ ਢਾਹ ਲਾਈ ਹੈ। ਅਜੋਕੇ ਦੌਰ ਵਿਚ ਬੇਰੋਜ਼ਗਾਰ ਨੌਜਵਾਨਾਂ ਦੀ ਸ਼ਕਤੀ ਦਾ ਨਸ਼ਿਆਂ ਦੇ ਵਪਾਰੀਆਂ ਨੇ ਰੱਜ ਕੇ ਸ਼ੋਸ਼ਣ ਕੀਤਾ ਹੈ।

ਹਵਾਰਾ ਨੇ ਅੱਗੇ ਕਿਹਾ ਕਿ 'ਅਕਾਲ ਯੂਥ' ਨੌਜਵਾਨਾਂ ਦੀ ਤਾਕਤ ਨੂੰ ਹਾਂ-ਪੱਖੀ ਕੰਮਾਂ ਵਿਚ ਲਾਉਣ ਦਾ ਮੌਕਾ ਦੇ ਕੇ ਪੰਜਾਬ ਤੇ ਪੰਥ ਦੀ ਅਗਵਾਈ ਕਰਨ ਦਾ ਮੌਕਾ ਦੇਵੇਗੀ। ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਵੱਲੋਂ ਜਾਰੀ ਬਿਆਨ ਵਿਚ ਸਪਸ਼ਟ ਕੀਤਾ ਗਿਆ ਕਿ ਅਕਾਲ ਯੂਥ ਜਥੇਬੰਦੀ ਕਾਲਜਾਂ ਤੇ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੇ ਦੱਸੇ ਮਾਰਗ 'ਤੇ ਚੱਲਣ ਲਈ ਲਾਮਬੰਦ ਕਰੇਗੀ, ਕਿਸਾਨਾਂ ਦੇ ਹੱਕਾਂ ਲਈ ਜੂਝੇਗੀ, ਗੁਰਦੁਆਰਾ ਸੁਧਾਰ ਵਿਚ ਹਾਂ-ਪੱਖੀ ਭੂਮਿਕਾ ਨਿਭਾਵੇਗੀ। ਕਿਹਾ ਗਿਆ ਹੈ ਕਿ ਅਕਾਲ ਯੂਥ ਵਿਚ ਸਿਆਣੀ ਉਮਰ ਦੇ ਪੰਥ-ਹਿਤੈਸ਼ੀਆਂ ਦੇ ਤਜਰਬੇ ਤੇ ਨੌਜਵਾਨਾਂ ਦੇ ਤਜਰਬੇ ਦਾ ਸੁਮੇਲ ਕਰ ਕੇ ਉਸਾਰੂ ਦਿਸ਼ਾ ਦਾ ਮੀਲ ਪੱਥਰ ਰੱਖਿਆ ਜਾਵੇਗਾ।