ਚੌਕੀਮਾਨ ਟੋਲ ਪਲਾਜ਼ਾ ਅਤੇ ਜਗਰਾਉਂ ਰੇਲਵੇ ਸਟੇਸ਼ਨ ਉੱਪਰ ਕਿਸਾਨਾਂ ਵੱਲੋਂ ਧੂਮਧਾਮ ਨਾਲ ਮਨਾਈ ਗਈ ਵਿਸਾਖੀ 

  ਸੁਧਾਰ /ਜਗਰਾਉਂ  ,ਅਪ੍ਰੈਲ 2021 ( ਜਗਰੂਪ ਸਿੰਘ ਸੁਧਾਰ/ਮਨਜਿੰਦਰ ਗਿੱਲ   )-

ਇਥੇ ਰੇਲਵੇ ਪਾਰਕ ਅਤੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੌਕੀਮਾਨ ਟੌਲ ਪਲਾਜ਼ਾ ਉਪਰ ਕਿਸਾਨਾਂ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ। ਧਰਨਾਕਾਰੀ ਕਿਸਾਨਾਂ ਨੇ ਨਾਅਰਿਆਂ ਦੀ ਗੂੰਜ ’ਚ ਕਿਸਾਨ ਮਜ਼ਦੂਰ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ। ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਬਰਸੀ ਵੀ ਮਨਾਈ ਤੇ ਰੇਲਵੇ ਪਾਰਕ ’ਚ ਮੋਰਚੇ ਦੇ 195ਵੇਂ ਦਿਨ ਦੋ ਮਿੰਟ ਦਾ ਮੌਨ ਧਾਰ ਕੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੀਕੇਯੂ ਏਕਤਾ (ਡਕੌਂਦਾ) ਆਗੂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਾਲਿਬ ਦੀ ਪ੍ਰਧਾਨਗੀ ਹੇਠ ਮੰਚ ਸੰਚਾਲਨ ਧਰਮ ਸਿੰਘ ਸੂਜਾਪੁਰ ਨੇ ਕੀਤਾ। ਕਿਸਾਨ ਆਗੂ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਦੋਨਾਂ ਮਹਾਨ ਘਟਨਾਵਾਂ ਤੋਂ ਪ੍ਰੇਰਨਾ ਲੈਂਦਿਆਂ ਅੱਜ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ। ਪੰਜਾਬ ’ਵਰਸਟੀ ਦੀ ਵਿਦਿਆਰਥੀ ਆਗੂ ਅਮਨ ਨੇ ਜੱਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਦੇ ਓਡਵਾਇਰਾਂ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਤਰਕਸ਼ੀਲ ਆਗੂ ਸੁਰਜੀਤ ਦੌਧਰ ਨੇ ਖਾਲਸੇ ਦੀ ਸਾਜਨਾ ਦੀ ਇਤਿਹਾਸਕ ਘਟਨਾ ਨੂੰ ਸੰਸਾਰ ਦੇ ਸਮੂਹ ਲੋਕਾਂ ਲਈ ਠੋਸ ਮਾਰਗ ਸੇਧ ਕਰਾਰ ਦਿੱਤਾ। ਇਸੇ ਤਰ੍ਹਾਂ ਫ਼ਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ’ਤੇ ਚੌਕੀਮਾਨ ਟੌਲ ਪਲਾਜ਼ਾ ’ਤੇ ਵੀ ਇਹ ਤਿਉਹਾਰ ਮਨਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮਨਾਏ ਗਏ ਇਸ ਦਿਵਸ ਮੌਕੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਹੋਰ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।