You are here

ਲੀਡਰਸ਼ਿਪ ਤੋਂ ਵਿਹੂਣੇ ਹਾਸ਼ੀਏ 'ਤੇ ਗਏ! ✍️ ਸਲੇਮਪੁਰੀ ਦੀ ਚੂੰਢੀ 

ਲੀਡਰਸ਼ਿਪ ਤੋਂ ਵਿਹੂਣੇ ਹਾਸ਼ੀਏ 'ਤੇ ਗਏ! 

ਅੱਜ ਦੇਸ਼ ਵਿੱਚ ਜੋ ਹਾਲਾਤ ਬਣੇ ਹੋਏ ਹਨ, ਸੱਭ ਦੇ ਸਾਹਮਣੇ ਹਨ। ਦੇਸ਼ ਅੰਦਰ ਪਹਿਲਾਂ ਤਾਂ ਕੇਵਲ ਦਲਿਤਾਂ ਦੀ ਹਾਲਤ ਹੀ ਤਰਸਯੋਗ ਬਣੀ ਹੋਈ ਸੀ ਪਰ ਅੱਜ ਘੱਟ ਗਿਣਤੀਆਂ ਦੇ ਨਾਲ ਨਾਲ ਪੱਛੜੀਆਂ ਸ਼੍ਰੇਣੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਦਲਿਤ ਤਾਂ ਪਿਛਲੇ 5000 ਸਾਲਾਂ ਤੋਂ ਹੀ ਪਸ਼ੂਆਂ ਵਰਗੀ ਜਿੰਦਗੀ ਕੱਟਣ ਲਈ ਮਜਬੂਰ ਹਨ ਪਰ ਹੁਣ ਘੱਟ ਗਿਣਤੀ ਵਰਗ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕ ਵੀ ਮਰ ਮਰ ਕੇ ਜੀਵਨ ਬਤੀਤ ਕਰ ਰਹੇ ਹਨ। ਦੇਸ਼ ਵਿਚ ਮੁਸਲਿਮ ਵਰਗ ਕੋਲ ਕੋਈ ਵੀ ਕੌਮੀ ਪੱਧਰ ਦਾ ਨੇਤਾ ਨਾ ਹੋਣ ਕਾਰਨ ਉਹ ਅੱਜ ਬੁਰੀ ਤਰ੍ਹਾਂ ਨਪੀੜਿਆ ਜਾ ਰਿਹਾ ਹੈ ਅਤੇ ਕੁੱਟ ਖਾ ਰਿਹਾ ਹੈ । ਦੇਸ਼ ਵਿਚ ਜਦੋਂ ਵੀ ਕੋਈ ਚੰਗੀ-ਮਾੜੀ ਘਟਨਾ ਵਾਪਰਦੀ ਹੈ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਫੈਲੀ ਤਾਂ ਭਾਰਤ ਵਿੱਚ ਕੋਰੋਨਾ ਫੈਲਾਉਣ ਲਈ ਸੱਭ ਤੋਂ ਪਹਿਲਾਂ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਮਾਰਚ ਮਹੀਨੇ ਦਿੱਲੀ ਵਿਚ ਜਮਾਤੀ ਕਾਨਫਰੰਸ ਦੇ ਨਾਂ 'ਤੇ ਕੋਰੋਨਾ ਦਾ ਨਜਲਾ ਮੁਸਲਿਮ ਭਾਈਚਾਰੇ ਉਪਰ ਸੁੱਟ ਕੇ ਉਨ੍ਹਾਂ ਨੂੰ ਰੱਜ ਕੇ ਟੀ ਵੀ ਚੈਨਲਾਂ ਰਾਹੀਂ ਬਦਨਾਮ ਕੀਤਾ ਗਿਆ। ਜਮਾਤੀਆਂ 'ਤੇ ਪੁਲਿਸ ਪਰਚੇ ਦਰਜ ਕੀਤੇ ਗਏ। ਦੇਸ਼ ਵਿਚ ਮੁਸਲਿਮ ਭਾਈਚਾਰੇ ਦਾ ਜੀਣਾ ਦੁੱਭਰ ਕਰਕੇ ਰੱਖ ਦਿੱਤਾ ਗਿਆ ਹੈ । ਇਸੇ ਤਰ੍ਹਾਂ ਹੀ ਦੇਸ਼ ਵਿਚ ਸਿੱਖਾਂ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ। ਦੇਸ਼ ਵਿਚ ਜਦੋਂ ਵੀ ਕੋਈ ਚੰਗੀ-ਮਾੜੀ ਘਟਨਾ ਵਾਪਰਦੀ ਹੈ ਜਾਂ ਖੁਫੀਆ ਏਜੰਸੀਆਂ ਇਹ ਕਹਿੰਦੀਆਂ ਹਨ ਕਿ ਦੇਸ਼ ਦੇ ਫਲਾਨੇ ਕੋਨੇ ਵਿਚ ਕੋਈ ਅੱਤਵਾਦੀ ਘਟਨਾ ਵਾਪਰਨ ਵਾਲੀ ਹੈ ਤਾਂ ਸੱਭ ਤੋਂ ਪਹਿਲਾਂ ਕਿਸੇ ਨਾ ਕਿਸੇ ਸਿੱਖ ਵਿਅਕਤੀ / ਨੌਜਵਾਨ ਨੂੰ ਪੁਲਿਸ ਚੁੱਕ ਲੈਂਦੀ ਹੈ ਅਤੇ ਫਿਰ ਅਖਬਾਰਾਂ / ਚੈਨਲਾਂ ਰਾਹੀਂ ਸਮੂਹ ਸਿੱਖ ਸਮਾਜ ਨੂੰ ਰੱਜ ਕੇ ਭੰਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦੇਸ਼ ਦੇ ਇਸਾਈਆਂ ਅਤੇ ਬੋਧੀਆਂ ਵਿਚ ਤਾਂ ਆਪਣਾ ਸਿਰ ਉਪਰ ਚੁੱਕਣ ਦੀ ਵੀ ਜੁਅਰਤ ਨਹੀਂ ਰਹੀ । ਅੱਜ ਜੇ ਦੇਸ਼ ਵਿਚ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਉਪਰ ਤਸ਼ੱਦਦ ਹੋ ਰਿਹਾ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਆਪਣੇ ਕੌਮੀ ਪੱਧਰ ਦੇ ਨੇਤਾ ਹੀ ਨਹੀਂ ਹਨ, ਜਿਹੜੇ ਉਨ੍ਹਾਂ ਦੀ ਅਗਵਾਈ ਕਰ ਸਕਣ ਅਤੇ ਅਵਾਜ ਬਣ ਸਕਣ। ਸਿੱਖ ਦੇਸ਼ ਵਿਚ ਲੀਡਰਸ਼ਿਪ ਵਿਹੂਣੇ ਹੋ ਕੇ ਰਹਿ ਗਏ ਹਨ। ਕੌਮੀ ਪੱਧਰ 'ਤੇ ਉਨ੍ਹਾਂ ਦੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ। ਪੰਜਾਬ ਵਿਚ ਸਿੱਖ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਵਿਚ ਹਨ ਕਿ ਅੱਜ ਉਹ ਕਿਸ ਨੂੰ ਆਪਣਾ ਨੇਤਾ ਮੰਨਣ ਕਿਉਂਕਿ ਇਸ ਵੇਲੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਆਪਣੇ ਆਪ ਨੂੰ ਸਿੱਖ ਨੇਤਾ ਵਜੋਂ ਪੇਸ਼ ਕਰ ਰਹੇ ਹਨ। ਸਿੱਖ ਅੱਜ ਵੰਡੇ ਗਏ ਹਨ, ਜਿਸ ਕਰਕੇ ਦਿੱਲੀ ਵਾਲੇ ਉਨ੍ਹਾਂ ਦੀ ਕਦਰ ਕਰਨ ਤੋਂ ਕਿਨਾਰਾ ਕਰ ਰਹੇ ਹਨ। ਜਿਸ ਵਰਗ ਦੇ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦੇ ਰੱਸੇ ਚੁੰਮੇ, ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਅੱਜ ਉਹ ਆਪਣੇ ਹੀ ਦੇਸ਼ / ਘਰ ਵਿਚ ਬਿਗਾਨਿਆਂ ਵਾਂਗ ਰਹਿਣ ਲਈ ਮਜਬੂਰ ਹੋਏ ਫਿਰਦੇ ਹਨ । ਅੱਜ ਜਦੋਂ ਹਿੰਦੂਤਵ ਦੀ ਗੱਲ ਕਰਦੇ ਹਾਂ ਤਾਂ ਹਿੰਦੂਆਂ ਕੋਲ ਪਿੰਡ/ ਵਾਰਡ ਪੱਧਰ ਤੋਂ ਲੈ ਕੇ  ਕੌਮੀ ਪੱਧਰ ਤੱਕ ਮਜਬੂਤ ਲੀਡਰਸ਼ਿਪ ਹੈ ਅਤੇ ਉਪਰੋਂ ਆਰ ਐਸ ਐਸ ਸਮੇਤ ਹੋਰ  ਕਈ ਸੰਗਠਨ ਹਿੰਦੂਤਵ ਨੂੰ ਮਜਬੂਤ ਕਰਨ ਲਈ ਅਗਵਾਈ ਲੀਹਾਂ ਪ੍ਰਦਾਨ ਕਰ ਰਹੇ ਹਨ, ਜਿਸ ਕਰਕੇ ਭਾਰਤ ਦੇ ਸ਼ਾਸਨ ਅਤੇ ਪ੍ਰਸ਼ਾਸਨ ਉਪਰ 15 ਫੀਸਦੀ ਅਬਾਦੀ ਵਾਲੇ ਲੋਕਾਂ ਦਾ ਕਬਜ਼ਾ ਹੈ। ਦੇਸ਼ ਵਿਚ ਖੇਤਰੀ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਉਨ੍ਹਾਂ ਦਾ ਸਟੇਅਰਿੰਗ ਅਖੌਤੀ ਉੱਚ ਜਾਤੀ ਹਿੰਦੂ ਕੋਲ ਹੈ ਅਤੇ ਉਹ ਭਾਵੇਂ ਉੱਚੀ ਉੱਚੀ ਦੇਸ਼ ਦੇ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਹਮਦਰਦੀ ਜਾਹਿਰ ਰੱਖਣ ਦੀ  ਗੱਲ ਕਰਦੇ ਹੋਣ , ਪਰ ਉਨ੍ਹਾਂ ਦੇ ਦਿਮਾਗ ਵਿਚ ਹਿੰਦੂਤਵ ਨੂੰ ਮਜਬੂਤ ਰੱਖਣ ਅਤੇ ਮਜਬੂਤ ਕਰਨ ਦਾ ਏਜੰਡਾ ਇੱਕ ਨੰਬਰ 'ਤੇ ਹੁੰਦਾ ਹੈ। ਦੇਸ਼ ਵਿਚ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਦੀ ਬਹੁ-ਗਿਣਤੀ ਹੈ, ਪਰ ਉਨ੍ਹਾਂ ਕੋਲ  ਕੌਮੀ ਪੱਧਰ ਦੀ ਗੱਲ ਛੱਡੋ ਖੇਤਰੀ ਅਤੇ ਇਲਾਕਾਈ ਪੱਧਰ 'ਤੇ ਵੀ ਕੋਈ  ਨੇਤਾ ਨਹੀਂ ਹੈ, ਜਿਹੜਾ ਉਨ੍ਹਾਂ ਦੀ ਅਗਵਾਈ ਕਰ ਸਕੇ। ਲੀਡਰਸ਼ਿਪ ਦੀ ਕਮੀ ਹੋਣ ਕਾਰਨ  ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਪੱਛੜੀਆਂ ਸ਼੍ਰੇਣੀਆਂ ਦੇ ਲੋਕ ਆਪਣੇ ਆਪ ਨੂੰ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਨਾਲ ਜੋੜਨ ਲਈ ਤਰਲੋ-ਮੱਛੀ ਹੋਏ ਰਹਿੰਦੇ ਹਨ, ਪਰ ਉੱਚ ਜਾਤੀ ਦੇ ਲੋਕ ਉਨ੍ਹਾਂ ਨੂੰ ਨੇੜੇ ਖੜ੍ਹਨ ਵੀ ਨਹੀਂ ਦਿੰਦੇ, ਸਗੋਂ ਉਨ੍ਹਾਂ ਦੇ ਕਿੱਤਿਆਂ ਦੇ ਨਾਂ 'ਤੇ ਉਨ੍ਹਾਂ ਦੇ ਨਾਂ ਰੱਖਕੇ ਜਲੀਲ ਕਰਦੇ ਹਨ ਜਦ ਕਿ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਦਲਿਤਾਂ ਨਾਲ ਰਲਕੇ ਚੱਲਣ ਨੂੰ ਤਿਆਰ ਨਹੀਂ ਹਨ, ਜਿਸ ਕਰਕੇ ਉਨ੍ਹਾਂ ਦੀ ਹਾਲਤ ਪਤਲੀ ਬਣੀ ਹੋਈ ਹੈ। 

 ਦਲਿਤ ਵਰਗ ਕੋਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਤੋਂ ਬਾਅਦ ਬਾਬੂ ਕਾਂਸ਼ੀ ਰਾਮ ਕੌਮੀ ਪੱਧਰ 'ਤੇ ਨੇਤਾ ਪੈਦਾ ਹੋਏ ਸਨ ਪਰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਦਲਿਤ ਵਰਗ ਕੌਮੀ ਪੱਧਰ ਦੇ ਨੇਤਾ ਤੋਂ ਬੁਰੀ ਤਰ੍ਹਾਂ ਵਿਹੂਣਾ ਹੋ ਕੇ ਰਹਿ ਗਿਆ ਹੈ।ਇਹ ਗੱਲ ਬਿਲਕੁਲ ਸੱਚ ਹੈ ਕਿ ਬਾਬੂ ਕਾਂਸ਼ੀ ਰਾਮ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਤੋਂ ਬਾਅਦ ਦਲਿਤ ਸਮਾਜ ਵਿਚ ਮੁੜ ਜਾਗਰੂਕਤਾ ਦੀ ਚਿਣਗ ਜਰੂਰ ਪੈਦਾ ਕੀਤੀ ਹੈ। ਬਾਬੂ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਉਸ ਦੀ ਸੋਚ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦੋਂ ਇਕ ਵਿਸ਼ੇਸ਼ ਜਾਤੀ ਦੇ ਲੋਕਾਂ ਨੇ ਸਾਜਿਸ਼ ਤਹਿਤ ਦੂਜੀਆਂ ਅਖੌਤੀ ਅੱਤ ਨੀਚ ਅਤੇ ਹੋਰਨਾਂ ਜਾਤੀਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ। ਅਖੌਤੀ ਵਿਸ਼ੇਸ਼ ਜਾਤੀ ਦੇ ਲੋਕਾਂ ਨੇ ਸ਼ਾਸ਼ਨ ਵੱਲ ਜਾਣ ਦੀ ਬਜਾਏ ਆਪਣੇ ਆਪ ਨੂੰ' ਨੌਕਰੀਆਂ ਵਿੱਚ ਰਾਖਵਾਂਕਰਨ ' ਤੱਕ ਸੀਮਤ ਕਰਕੇ 'ਮਨੂਵਾਦੀ ਪ੍ਰਬੰਧ ' ਵਿਰੁੱਧ ਮੋਰਚਾ ਲਗਾਉਣ ਦੀ ਬਜਾਏ ਦੂਜੀਆਂ ਅਖੌਤੀ ਅੱਤ ਨੀਚ ਜਾਤੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਣ ਲਈ ਸਿਆਸਤ ਸ਼ੁਰੂ ਕਰ ਦਿੱਤੀ ਹੈ। ਬਾਬੂ ਕਾਂਸ਼ੀ ਰਾਮ ਵਲੋਂ  ਦੇਸ਼ ਵਿਚ ਇਨਕਲਾਬ ਲਿਆਉਣ ਲਈ ਜੋ ਯੁੱਧ ਸ਼ੁਰੂ ਕੀਤਾ ਗਿਆ ਸੀ, ਦੇ ਰਸਤੇ ਤੋਂ ਭਟਕ ਗਏ ਹਨ। 

 ਦੇਸ਼ ਵਿਚ ਵੋਟਾਂ ਦੀ ਰਾਜਨੀਤੀ ਹੋਣ ਕਰਕੇ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਵਿਚੋਂ ਰਾਸ਼ਟਰਪਤੀ ਵੀ ਬਣਾਏ ਜਾ ਰਹੇ ਹਨ, ਪ੍ਰਧਾਨ ਮੰਤਰੀ ਵੀ ਬਣਾਏ ਜਾ ਰਹੇ ਹਨ, ਮੰਤਰੀ ਵੀ ਬਣਾਏ ਜਾ ਰਹੇ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਸਮਾਜ /ਵਰਗ ਦੀ  ਭਲਾਈ  ਦੀ ਗੱਲ ਕਰਨ ਤੋਂ ਅਸਮਰੱਥ ਹੁੰਦੇ ਹਨ। ਦਲਿਤਾਂ , ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਅੱਜ ਦੇਸ਼ ਦੇ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਵਿੱਚ ਸ਼ਾਮਲ ਤਾਂ ਕਰ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਸੱਖਣੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਮੂੰਹ ਉਪਰ ਛਿਕਲੀ ਬੰਨ੍ਹ ਦਿੱਤੀ ਜਾਂਦੀ ਹੈ, ਜਿਸ ਕਰਕੇ ਉਹ ਆਪਣਾ ਮੂੰਹ ਬੰਦ ਰੱਖਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਗੁਲਾਮੀ ਭਰੀ ਜਿੰਦਗੀ ਹੋਣ ਦਾ ਮੁੱਖ ਕਾਰਨ ਉਨ੍ਹਾਂ ਕੋਲ ਲੀਡਰਸ਼ਿਪ ਦੀ ਘਾਟ ਹੈ।

ਸਿੱਖਾਂ, ਮੁਸਲਮਾਨਾਂ, ਇਸਾਈਆਂ, ਬੋਧੀਆਂ ਅਤੇ ਹੋਰ ਘੱਟ ਗਿਣਤੀਆਂ ਸਮੇਤ ਪੱਛੜੀਆਂ ਸ਼੍ਰੇਣੀਆਂ ਤੋਂ ਇਲਾਵਾ ਦਲਿਤ ਵਰਗ ਕੋਲ  ਆਰ ਐਸ ਐਸ ਵਰਗਾ ਕੋਈ ਵੀ ਅਜਿਹਾ ਬੁੱਧੀਜੀਵੀ ਵਰਗ ਨਹੀਂ ਹੈ, ਜਿਹੜਾ ਅਗਵਾਈ ਲੀਹਾਂ ਪ੍ਰਦਾਨ ਕਰਕੇ ਕੌਮੀ ਪੱਧਰ  ਦੇ ਨੇਤਾ ਪੈਦਾ ਕਰ ਸਕੇ। ਪਤੇ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਦਲਿਤ ਵਰਗ ਆਪਣੇ ਆਪ ਨੂੰ ਹਿੰਦੂਤਵ ਤੋਂ ਬਾਹਰ ਨਹੀਂ ਕੱਢਦਾ , ਉਦੋਂ ਤਕ ਉਸ ਨਾਲ ਦੇਸ਼ ਵਿੱਚ ਪਸ਼ੂਆਂ ਵਰਗਾ ਵਤੀਰਾ ਚੱਲਦਾ ਰਹੇਗਾ। 

ਸੱਚ ਇਹ ਹੈ ਕਿ ਜਦੋਂ ਤੱਕ ਦਲਿਤ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਲੋਕ ਇੱਕ ਮੰਚ 'ਤੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਉਹ ਕੌਮੀ ਪੱਧਰ 'ਤੇ ਲੀਡਰਸ਼ਿਪ ਪੈਦਾ ਨਹੀਂ ਕਰ ਸਕਦੇ ਅਤੇ ਜਦੋਂ ਤਕ ਕੌਮੀ ਪੱਧਰ 'ਤੇ ਲੀਡਰਸ਼ਿਪ ਪੈਦਾ ਨਹੀਂ ਹੁੰਦੀ ਉਦੋਂ ਤੱਕ ਉਨ੍ਹਾਂ ਉਪਰ ਅੱਤਿਆਚਾਰਾਂ ਦਾ ਸਿਲਸਿਲਾ ਜਾਰੀ ਰਹੇਗਾ। 

ਭਾਰਤ ਕਿਸੇ ਇਕ ਵਿਸ਼ੇਸ਼ ਧਰਮ ਦੇ ਲੋਕਾਂ ਦਾ ਨਹੀਂ, ਸੱਭ ਧਰਮਾਂ, ਫਿਰਕਿਆਂ ਅਤੇ ਵਰਗਾਂ ਦਾ ਸਾਂਝਾ ਹੈ। ਇਸ ਨੂੰ ਅਜਾਦ ਕਰਵਾਉਣ ਲਈ ਸਾਰੇ ਧਰਮਾਂ, ਵਰਗਾਂ, ਫਿਰਕਿਆਂ ਦੇ ਲੋਕਾਂ ਨੇ ਖੂਨ ਵਹਾਇਆ ਹੈ ਅਤੇ ਤਸੀਹੇ ਝੱਲੇ ਹਨ। 

- ਸੁਖਦੇਵ ਸਲੇਮਪੁਰੀ

09780620233

10 ਅਕਤੂਬਰ, 2020