ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 28 ਨੂੰ

ਅੰਮ੍ਰਿਤਸਰ, ਸਤੰਬਰ 2020 -( ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਸ਼੍ਰੋਮਣੀ ਕਮੇਟੀ ਨੇ 28 ਸਤੰਬਰ ਨੂੰ ਸੱਦੇ ਗਏ ਸਾਲਾਨਾ ਬਜਟ ਇਜਲਾਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਪ੍ਰਸ਼ਾਸਨ ਕੋਲੋਂ ਵੀ ਲੋੜੀਂਦੀ ਪ੍ਰਵਾਨਗੀ ਮੰਗੀ ਗਈ ਹੈ। ਕਰੋਨਾ ਕਾਰਨ ਇਸ ਵਾਰ ਸਿੱਖ ਸੰਸਥਾ ਦਾ ਸਾਲਾਨਾ ਬਜਟ ਇਜਲਾਸ ਹੁਣ ਤਕ ਨਹੀਂ ਹੋ ਸਕਿਆ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸੰਸਥਾ ਦਾ ਕੰਮਕਾਜ ਚਲਾਉਣ ਲਈ ਦੋ ਵਾਰ ਤਿੰਨ-ਤਿੰਨ ਮਹੀਨੇ ਦੇ ਖਰਚ ਨੂੰ ਪ੍ਰਵਾਨਗੀ ਦੇ ਕੇ ਹੁਣ ਤਕ ਸੰਸਥਾ ਦਾ ਕੰਮ ਚਲਾਇਆ ਜਾ ਰਿਹਾ ਹੈ। ਇਹ ਪ੍ਰਵਾਨਗੀ 30 ਸਤੰਬਰ ਤਕ ਹੈ। ਹੁਣ ਹਾਲ ਹੀ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ 28 ਸਤੰਬਰ ਨੂੰ ਸਾਲਾਨਾ ਬਜਟ ਇਜਲਾਸ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਵਾਸਤੇ ਸਰਕਾਰ ਕੋਲੋਂ ਵੀ ਪ੍ਰਵਾਨਗੀ ਮੰਗੀ ਹੈ। ਮਿਲੇ ਵੇਰਵਿਆਂ ਮੁਤਾਬਕ ਇਸ ਸਬੰਧੀ ਪ੍ਰਸ਼ਾਸਨ ਨੂੰ ਪੱਤਰ ਭੇਜਿਆ ਗਿਆ ਹੈ ਅਤੇ ਇਹ ਭਰੋਸਾ ਵੀ ਦਿੱਤਾ ਗਿਆ ਹੈ ਕਿ ਕਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਬਜਟ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਕੱਤਰ ਮਹਿੰਦਰ ਸਿੰਘ ਆਹਲੀ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਪੱਤਰ ਜਾਰੀ ਕਰ ਦਿੱਤੇ ਹਨ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸਾਲਾਨਾ ਬਜਟ ਇਜਲਾਸ ਹਰ ਸਾਲ ਮਾਰਚ ਮਹੀਨੇ ਹੁੰਦਾ ਹੈ ਪਰ ਇਸ ਵਾਰ ਕਰੋਨਾ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਇਹ ਬਜਟ ਇਜਲਾਸ 28 ਸਤੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇਗਾ, ਜਿਸ ਵਿਚ ਸ਼੍ਰੋਮਣੀ ਕਮੇਟੀ, ਟਰੱਸਟ ਫੰਡ, ਵਿੱਦਿਆ ਫੰਡ, ਧਰਮ ਪ੍ਰਚਾਰ ਕਮੇਟੀ, ਪ੍ਰਿੰਟਿੰਗ ਪ੍ਰੈੱਸਾਂ, ਵਿੱਦਿਅਕ ਅਦਾਰੇ ਅਤੇ ਹੋਰ ਗੁਰਦੁਆਰਿਆਂ ਦਾ ਬਜਟ ਪੇਸ਼ ਕੀਤਾ ਜਾਵੇਗਾ।

165 ਮੈਂਬਰਾਂ ਨੂੰ ਪੱਤਰ ਭੇਜੇ

ਸ਼੍ਰੋਮਣੀ ਕਮੇਟੀ ਵੱਲੋਂ ਬਜਟ ਸਮਾਗਮ ਲਈ 165 ਮੈਂਬਰਾਂ ਨੂੰ ਪੱਤਰ ਭੇਜੇ ਗਏ ਹਨ। ਸਿੱਖ ਸੰਸਥਾ ਦੇ ਕੁੱਲ 190 ਮੈਂਬਰਾਂ ਵਿਚੋਂ 17 ਦਾ ਦੇਹਾਂਤ ਹੋ ਗਿਆ ਹੈ, ਦੋ ਅਸਤੀਫ਼ਾ ਦੇ ਚੁੱਕੇ ਹਨ ਅਤੇ ਇਕ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ। ਪੰਜ ਸਿੰਘ ਸਾਹਿਬਾਨ, ਜੋ ਕਿ ਸਦਨ ਦੇ ਮੈਂਬਰ ਹਨ, ਨੂੰ ਵੀ ਪੱਤਰ ਭੇਜੇ ਗਏ ਹਨ।