ਪਾਕਿਸਤਾਨੀ ਸਿੱਖਾਂ ਨੇ ਪੁਰਾਤਨ ਹੱਥ ਲਿਖਤ ਸਰੂਪ ਡੇਰਾ ਸਾਹਿਬ ਤਬਦੀਲ ਕਰਨ ਦੀ ਮੰਗ ਕੀਤੀ 

ਲਾਹੌਰ,ਸਤੰਬਰ 2020-(ਏਜੰਸੀ ) ਪਾਕਿਸਤਾਨ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਨੇ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਹੱਥ ਲਿਖਤ ਦੁਰਲੱਭ ਸਰੂਪ ਨੂੰ ਗੁਰਦੁਆਰਾ ਡੇਰਾ ਸਾਹਿਬ ਤਬਦੀਲ ਕਰਨ ਦੀ ਮੰਗ ਕੀਤੀ ਹੈ। 300 ਸਾਲ ਪੁਰਾਣੇ ਇਸ ਸਰੂਪ ਨੂੰ ਇਸ ਸਮੇਂ ਲਾਹੌਰ ਦੇ ਅਜਾਇਬਘਰ ਵਿਚ ਰੱਖਿਆ ਹੋਇਆ ਹੈ। ਇਸ ਬਾਰੇ ਮੀਡੀਆ ਰਿਪੋਰਟ ਵਿਚ ਜਾਣਕਾਰੀ ਦਿੱਤੀ ਗਈ ਹੈ।ਅਜਾਇਬਘਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਪੁਰਾਤਨ ਸਰੂਪ ਸਮੇਤ ਸਿੱਖ ਧਰਮ ਨਾਲ ਸਬੰਧਤ ਕਈ ਪੁਰਾਤਨ ਵਸਤਾਂ ਕਈ ਨਿੱਜੀ ਸੰਸਥਾਵਾਂ ਤੇ ਵੱਖ-ਵੱਖ ਵਿਅਕਤੀਆਂ ਨੇ ਅਜਾਇਬਘਰ ਵਿਚ ਦਾਨ ਵਜੋਂ ਭੇਟ ਕੀਤੀਆਂ ਸਨ। ਪਾਕਿ ਦੇ ਖੋਜਕਰਤਾ ਅਲੀਜ਼ਾ ਸਾਬਾ ਰਿਜ਼ਵੀ ਨੇ ਦੱਸਿਆ ਕਿ ਭਾਵੇਂ ਇਨ੍ਹਾਂ ਵਸਤਾਂ 'ਤੇ ਕੋਈ ਤਰੀਕ ਨਹੀਂ ਲਿਖੀ ਗਈ ਪ੍ਰੰਤੂ ਵਰਤੀ ਗਈ ਸਿਆਹੀ ਤੋਂ ਪਤਾ ਲੱਗਦਾ ਹੈ ਕਿ ਇਹ ਘੱਟੋ ਘੱਟ 300 ਸਾਲ ਪੁਰਾਣੀਆਂ ਹਨ। ਰਿਜ਼ਵੀ ਨੇ ਦੱਸਿਆ ਕਿ ਗੁਰੂ ਗ੍ੰਥ ਸਾਹਿਬ ਦਾ ਇਹ ਸਰੂਪ ਦੁਰਲੱਭ ਹੈ ਤੇ ਇਸ ਤਰ੍ਹਾਂ ਦਾ ਇਕ ਸਰੂਪ ਭਾਰਤ ਵਿਚ ਸ੍ਰੀ ਹਰਿਮੰਦਰ ਸਾਹਿਬ 'ਚ ਮੌਜੂਦ ਹੈ। ਪਾਕਿਸਤਾਨ ਵੱਸਦੇ ਸਿੱਖ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਇਸ ਪੁਰਾਤਨ ਸਰੂਪ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਚ ਤਬਦੀਲ ਕੀਤਾ ਜਾਵੇ ਜੋਕਿ ਲਾਹੌਰ ਸ਼ਹਿਰ ਦੇ ਕੇਂਦਰ 'ਚ ਸਥਿਤ ਹੈ ਤੇ ਇੱਥੇ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ 1606 'ਚ ਸ਼ਹਾਦਤ ਹੋਈ ਸੀ। ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਕਿ ਇਹ ਕੋਈ ਆਮ ਕਿਤਾਬ ਨਹੀਂ ਹੈ ਤੇ ਇਸ ਪਵਿੱਤਰ ਗ੍ੰਥ ਨੂੰ ਗੁਰਦੁਆਰਾ ਸਾਹਿਬ 'ਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਲੀ ਮੀਟਿੰਗ 'ਚ ਇਸ ਨੂੰ ਏਜੰਡੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਅਜਾਇਬਘਰ 'ਚ ਮੌਜੂਦ ਸਿੱਖ ਧਰਮ ਨਾਲ ਸਬੰਧਤ ਵਸਤਾਂ ਵੀ ਗੁਰਦੁਆਰਾ ਸਾਹਿਬ ਤਬਦੀਲ ਕੀਤੀਆਂ ਜਾਣ। ਇਸ ਦੌਰਾਨ ਗੌਰਮਿੰਟ ਕਾਲਜ ਲਾਹੌਰ ਦੇ ਸੀਨੀਅਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੇ ਦੱਸਿਆ ਕਿ ਗੁਰੂ ਗ੍ੰਥ ਸਾਹਿਬ ਦਾ ਇਕ ਪੁਰਾਤਨ ਸਰੂਪ ਮੁਲਤਾਨ ਦੇ ਅਜਾਇਬਘਰ ਤੇ ਦਿਆਲ ਸਿੰਖ ਟਰੱਸਟ ਲਾਇਬ੍ਰੇਰੀ, ਲਾਹੌਰ ਵਿਚ ਵੀ ਮੌਜੂਦ ਹੈ