ਘਰੇਲੂ ਇਕਾਂਤਵਾਸ ’ਚ ਗ਼ਰੀਬਾਂ ਨੂੰ ਘਰ ’ਚ ਮਿਲੇਗਾ ਮੁਫ਼ਤ ਖਾਣਾ - ਕੈਪਟਨ ਅਮਰਿੰਦਰ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ਰੀਬ ਪਰਿਵਾਰਾਂ ਨੂੰ ਘਰੇਲੂ ਇਕਾਂਤਵਾਸ ਦੌਰਾਨ ਮੁਫ਼ਤ ਖਾਣੇ ਦੇ ਪੈਕੇਟ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ’ਚ ਇਲਾਜ ਲਈ ਹਸਪਤਾਲਾਂ ’ਚ ਦਾਖ਼ਲ ਹੋਣ ਦੇ ਡਰ ਨੂੰ ਦੂਰ ਕਰਨ ਲਈ ਕੈਪਟਨ ਸਰਕਾਰ ਨੇ ਘਰੇਲੂ ਇਕਾਂਤਵਾਸ ਨੂੰ ਉਤਸ਼ਾਹਤ ਕਰਨ ਦਾ ਐਲਾਨ ਕੀਤਾ ਹੈ। ਕੋਵਿਡ ਨਾਲ ਨਜਿੱਠਣ ਦੇ ਪ੍ਰਬੰਧਾਂ ’ਚ ਪੇਂਡੂ ਇਲਾਕਿਆਂ ’ਚ ਹੋਏ ਗੁਮਰਾਹਕੁੰਨ ਪ੍ਰਚਾਰ ਨਾਲ ਨਜਿੱਠਣ ਲਈ ਬੁਲਾਈ ਗਈ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਦਿਹਾੜੀ ਗੁਆਉਣ ਦੇ ਡਰੋਂ ਟੈਸਟ ਕਰਵਾਉਣ ਤੋਂ ਪਿੱਛੇ ਹਟਣ ਦੀ ਲੋੜ ਨਹੀਂ ਹੈ। ਅਜਿਹੇ ਪਰਿਵਾਰਾਂ ਨੂੰ ਇਕਾਂਤਵਾਸ ਦੀ ਲੋੜ ਪੈਣ ’ਤੇ ਸਰਕਾਰ ਉਨ੍ਹਾਂ ਨੂੰ ਮੁਫ਼ਤ ਖਾਣੇ ਦੇ ਪੈਕੇਟ ਮੁਹੱਈਆ ਕਰਵਾਏਗੀ। ਮੁਫ਼ਤ ਖਾਣੇ ਦੇ ਪੈਕੇਟਾਂ ਦੀ ਵੰਡ ਗ਼ਰੀਬ ਪਰਿਵਾਰਾਂ ਨੂੰ ਛੇਤੀ ਟੈਸਟ ਕਰਵਾਉਣ ਲਈ ਉਤਸ਼ਾਹਤ ਕਰੇਗੀ ਜਿਹੜੇ ਇਸ ਮਹਾਮਾਰੀ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਤੇ ਇਸ ਨਾਲ ਪੰਜਾਬ ’ਚ ਵਧਦੀ ਮੌਤ ਦਰ ’ਤੇ ਵੀ ਰੋਕ ਲੱਗੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਪਟਿਆਲਾ ਤੋਂ ਸ਼ੁਰੂ ਹੋਵੇਗਾ ਜਿਹੜਾ ਅਜਿਹੇ ਝੂਠੇ ਪ੍ਰਚਾਰ ਦੇ ਕਾਰਨ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਜ਼ਿਲਿ੍ਆਂ ’ਚ ਸ਼ਾਮਲ ਹੈ। ਬਾਕੀ ਜ਼ਿਲਿ੍ਆਂ ਨੂੰ ਵੀ ਘਰੇਲੂ ਇਕਾਂਤਵਾਸ ’ਤੇ ਗਏ ਗ਼ਰੀਬ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਖਾਣੇ ਦੇ ਪੈਕੇਟ ਵੰਡਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸੁਝਾਅ ’ਤੇ ਮੁੱਖ ਮੰਤਰੀ ਨੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਤੇ ਸਥਾਨਕ ਵਿਧਾਇਕਾਂ ਨੂੰ ਵੀ ਇਸ ਖਾਣਾ ਵੰਡ ਪ੍ਰੋਗਰਾਮ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰਨ ਲਈ ਕਿਹਾ ਹੈ। ਕੈਪਟਨ ਨੇ ਕਿਹਾ ਕਿ ਲੋਕਾਂ ਦੇ ਕੋਰੋਨਾ ਇਨਫੈਕਟਿਡ ਲੋਕਾਂ ਦੇ ਪ੍ਰਤੀ ਭੇਦਭਾਵ ਦੀ ਭਾਵਨਾ ਨੂੰ ਦੂਰ ਕਰਨ ਲਈ ਕੋਵਿਡ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਲਾਉਣ ਦੀ ਪ੍ਰਕਿਰਿਆ ਵੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਮੰਤਰੀਆਂ ਨੂੰ ਆਪਣੇ ਜ਼ਿਲਿ੍ਹਆਂ ਦੇ ਹਸਪਤਾਲਾਂ ਦਾ ਦੌਰਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਖ਼ੁਦ ਵੀ ਛੇਤੀ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਹਸਪਤਾਲ ਦਾ ਦੌਰਾ ਕਰਨਗੇ।