ਥਾਣੇ 'ਚ ਪਿਓ-ਪੁੱਤ ਨੂੰ ਨਿਰਵਸਤਰ ਕਰਨ ਵਾਲੇ ਸਾਬਕਾ ਐੱਸਐੱਚਓ ਨੇ ਕੀਤਾ ਆਤਮ ਸਮਰਪਣ

ਖੰਨਾ /ਲੁਧਿਆਣਾ, ਸੰਤਬਰ 2020 (ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਥਾਣਾ ਸਦਰ ਖੰਨਾ 'ਚ ਪਿਓ-ਪੁੱਤ ਨੂੰ ਨਿਰਵਸਤਰ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਐੱਸਐੱਚਓ ਬਲਜਿੰਦਰ ਸਿੰਘ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ 'ਚ ਪੇਸ਼ਗੀ ਜ਼ਮਾਨਤ ਦੀ ਅਪੀਲ ਖ਼ਾਰਜ ਹੋਣ ਤੋਂ ਬਾਅਦ ਉਸ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਉਹ ਕਰੀਬ ਦੋ ਮਹੀਨੇ ਤੋਂ ਗ੍ਰਿਫ਼ਤਾਰੀ ਤੋਂ ਬਚਣ ਦੀ ਚਾਰਾਜੋਈ ਕਰਦਾ ਰਿਹਾ ਪਰ ਅਦਾਲਤ ਤੋਂ ਕੋਈ ਰਾਹਤ ਨਾ ਮਿਲਣ ਕਰ ਕੇ ਉਸ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਬਲਜਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਕੇਸ ਦਰਜ ਹੋਣ ਤੋਂ ਬਾਅਦ ਬਣਾਈ ਗਈ ਜਾਂਚ ਟੀਮ ਦੀ ਨੌਨਿਹਾਲ ਸਿੰਘ ਹੀ ਅਗਵਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ 'ਤੇ ਇਕ ਐੱਸਆਈਟੀ ਦਾ ਗਠਨ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਕੀਤਾ ਗਿਆ ਸੀ। ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ 'ਚ ਬਣੀ ਇਸ ਐੱਸਆਈਟੀ ਨੇ ਆਪਣੀ ਰਿਪੋਰਟ 'ਚ ਬਲਜਿੰਦਰ ਸਿੰਘ ਤੇ ਇਕ ਹੈੱਡ ਕਾਂਸਟੇਬਲ ਵਰੁਣ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਸਿਟੀ ਥਾਣਾ-1 'ਚ 4 ਜੁਲਾਈ ਨੂੰ ਦਰਜ ਇਸ ਕੇਸ ਮਗਰੋਂ ਇੰਸਪੈਕਟਰ ਬਲਜਿੰਦਰ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਉਸ 'ਤੇ ਆਈਟੀ ਐਕਟ ਤੇ ਐੱਸਸੀ ਐਕਟ ਸਮੇਤ ਭਾਰਤੀ ਦੰਡਾਵਲੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਹੈ। ਇਸ 'ਚ ਪਹਿਲਾਂ ਸੈਸ਼ਨ ਕੋਰਟ, ਫਿਰ ਹਾਈ ਕੋਰਟ ਤੇ ਅਖੀਰ 'ਚ ਮੰਗਲਵਾਰ ਨੂੰ ਸੁਪਰੀਮ ਕੋਰਟ ਵੱਲੋਂ ਬਲਜਿੰਦਰ ਸਿੰਘ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਮਗਰੋਂ ਉਸ ਕੋਲ ਆਤਮ ਸਮਰਪਣ ਤੋਂ ਇਲਾਵਾ ਕੋਈ ਹੋਰ ਚਾਰਾ ਬਚਿਆ ਵੀ ਨਹੀਂ ਸੀ। ਇਸ ਦੇ ਚੱਲਦੇ ਬਲਜਿੰਦਰ ਨੇ ਸ਼ਨਿਚਰਵਾਰ ਨੂੰ ਆਤਮ ਸਮਰਪਣ ਦਾ ਰਸਤਾ ਚੁਣਿਆ। ਜਾਂਚ ਟੀਮ ਦੇ ਮੈਂਬਰ ਐੱਸਪੀ (ਐੱਚ) ਤਜਿੰਦਰ ਸਿੰਘ ਸੰਧੂ ਨੇ ਬਲਜਿੰਦਰ ਸਿੰਘ ਵੱਲੋਂ ਆਤਮ ਸਮਰਪਣ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਉਸ ਨੂੰ ਖੰਨਾ ਲਿਆਂਦਾ ਜਾ ਰਿਹਾ ਹੈ, ਜਿੱਥੇ ਐਤਵਾਰ ਸਵੇਰੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।