ਨਨਕਾਣਾ ਸਾਹਿਬ ਭੰਨ-ਤੋੜ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

ਲਾਹੌਰ,ਜਨਵਰੀ 2020-(ਏਜੰਸੀ)- 

ਪਾਕਿਸਤਾਨ ਦੇ ਸੂਬੇ ਪੰਜਾਬ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਭੰਨ-ਤੋੜ ਦੀ ਤਾਜ਼ਾ ਘਟਨਾ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਅਤਿਵਾਦ-ਵਿਰੋਧੀ ਐਕਟ ਦੀ ਗੈਰ-ਜ਼ਮਾਨਤੀ ਧਾਰਾ ਲਾਈ ਗਈ ਹੈ। ਇਹ ਜਾਣਕਾਰੀ ਉੱਚ ਅਧਿਕਾਰੀ ਨੇ ਦਿੱਤੀ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਹਿੰਸਕ ਹੋਈ ਭੀੜ ਨੇ ਗੁਰਦੁਆਰੇ ’ਤੇ ਪੱਥਰਬਾਜ਼ੀ ਕਰਕੇ ਹਮਲਾ ਕੀਤਾ ਸੀ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਟੀਮ ਨੂੰ ਦਖ਼ਲ ਦੇਣਾ ਪਿਆ ਸੀ। ‘ਜੀਓ ਨਿਊਜ਼’ ਦੀ ਰਿਪੋਰਟ ਅਨੁਸਾਰ ਘਟਨਾ ਦੇ ਮੁੱਖ ਮੁਲਜ਼ਮ ਦੀ ਪਛਾਣ ਇਮਰਾਨ ਵਜੋਂ ਹੋਈ ਹੈ, ਜਿਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਦੇ ਡਿਜੀਟਲ ਮੀਡੀਆ ਮਾਮਲਿਆਂ ਬਾਰੇ ਇੰਚਾਰਜ ਅਜ਼ਹਰ ਮਸ਼ਵਾਨੀ ਨੇ ਟਵੀਟ ਕਰਕੇ ਦੱਸਿਆ ਕਿ ਨਨਕਾਣਾ ਸਾਹਿਬ ਘਟਨਾ ਦੇ ਮੁੱਖ ਦੋਸ਼ੀ ਇਮਰਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਨਨਕਾਣਾ ਪੁਲੀਸ ਸਟੇਸ਼ਨ ਵਿੱਚ ਸਖ਼ਤ ਧਾਰਾਵਾਂ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਵੀ ਸ਼ਾਮਲ ਹਨ। ਮਸ਼ਵਾਨੀ ਨੇ ਇਮਰਾਨ ਦੀ ਸਲਾਖ਼ਾਂ ਪਿੱਛੇ ਖੜ੍ਹੇ ਦੀ ਫੋਟੋ ਵੀ ਪੋਸਟ ਕੀਤੀ। ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜਦਿਆਂ ਐਤਵਾਰ ਨੂੰ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।