ਇਕਵਾਡੋਰ ਦੇ ਜੋੜੇ ਨੇ ਬਣਾਇਆ ਵਿਸ਼ਵ ਰਿਕਾਰਡ

ਮਾਨਚੈਸਟਰ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇਕਵਾਡੋਰ ਦੇ ਇਕ ਜੋੜੇ ਵਾਲਡਰਾਮਿਨਾ ਕੁਇੰਟਰੋਸ ਅਤੇ ਜੂਲੀਓ ਮੋਰਾ ਦੇ ਨਾਂਅ ਗਿਨੀਜ਼ ਵਰਲਡ ਰਿਕਾਰਡ 'ਚ ਦਰਜ਼ ਹੋਇਆ ਹੈ ਕਿ ਉਹ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਪਤੀ-ਪਤਨੀ ਹਨ ਅਤੇ ਦੋਵਾਂ ਦੀ ਕੁੱਲ ਉਮਰ 215 ਸਾਲ ਹੈ । ਵਾਲਡਰਾਮਿਨਾ ਕੁਇੰਟਰੋਸ ਅਤੇ ਜੂਲੀਓ ਮੋਰਾ ਦਾ ਵਿਆਹ 1941 'ਚ ਹੋਇਆ ਸੀ । ਉਸ ਸਮੇਂ ਉਨ੍ਹਾਂ ਨੇ ਪਰਿਵਾਰਾਂ ਦੇ ਵਿਰੋਧ ਕਾਰਨ ਗੁਪਤ ਵਿਆਹ ਕਰਵਾਇਆ ਸੀ । ਜ਼ਿੰਦਗੀ ਦੇ ਅੱਠ ਦਹਾਕੇ ਇਕੱਠੇ ਬਿਤਾਉਣ ਵਾਲੇ ਦੋਵੇਂ ਪਤੀ ਪਤਨੀ ਪੂਰੀ ਤਰ੍ਹਾਂ ਸਿਹਤਯਾਬ ਹਨ ।ਅਗਸਤ ਦੇ ਮੱਧ 'ਚ ਦੋਵਾਂ ਨੂੰ ਗਿਨੀਜ਼ ਵਰਲਡ ਰਿਕਾਰਡ ਨੇ ਅਧਿਕਾਰਤ ਤੌਰ 'ਤੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਵਿਆਹੇ ਜੋੜੇ ਵਜੋਂ ਦਰਜ਼ ਕੀਤਾ ਸੀ । ਵਾਲਡਰਾਮਿਨਾ ਕੁਇੰਟਰੋਸ ਦੀ ਉਮਰ 104 ਸਾਲ ਅਤੇ ਜੂਲੀਓ ਮੋਰਾ ਦੀ ਉਮਰ 110 ਸਾਲ ਹੈ, ਜਦਕਿ ਵਿਸ਼ਵ ਦਾ ਸਭ ਤੋਂ ਵੱਧ ਸਮਾਂ ਵਿਆਹੇ ਜੋੜੇ ਦਾ ਰਿਕਾਰਡ ਹਰਬਰਟ ਫਿਸ਼ਰ ਅਤੇ ਜ਼ੈਲਮੀਰਾ ਦੇ ਨਾਂਅ ਹੈ, ਜੋ ਹਰਬਰਟ ਦੀ 2011 'ਚ ਹੋਈ ।ਮੌਤ ਤੱਕ ਉਹ 86 ਵਰੇ੍ਹ ਅਤੇ 290 ਦਿਨ ਤੱਕ ਵਿਆਹੇ ਰਹੇ ਸਨ । ਵਾਲਡਰਾਮਿਨਾ ਅਤੇ ਜੂਲੀਓ ਦੋਵੇਂ ਸੇਵਾ ਮੁਕਤ ਅਧਿਆਪਕ ਹਨ ਅਤੇ ਇਕਵਾਡੋਰ ਦੀ ਰਾਜਧਾਨੀ ਕਵਿਤੋ 'ਚ ਰਹਿੰਦੇ ਹਨ । ਉਨ੍ਹਾਂ ਦੇ 4 ਜਿਉਂਦੇ ਬੱਚੇ, 11 ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ 21 ਪੜਪੋਤੇ-ਪੜਪੋਤੀਆਂ, ਪੜਦੋਹਤੇ-ਪੜਦੋਹਤੀਆਂ ਤੋਂ ਇਲਾਵਾ ਇਕ ਅਗਲੀ ਪੀੜੀ ਦਾ ਬੱਚਾ ਵੀ ਹੈ ।