28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਉਣ ਸਬੰਧੀ ਹੋਈ ਮੀਟਿੰਗ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਦੀ ਮੀਟਿੰਗ ਭਗਤ ਧੰਨਾ ਧਰਮਸ਼ਾਲਾ ਤਲਵੰਡੀ ਸਾਬੋ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕੀਤੀ। ਕੁਲਵਿੰਦਰ ਸਿੰਘ ਗਿਆਨਾ ਬਲਾਕ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ ਤੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਮਨਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚਰਚਾ ਹੋਈ ਤੇ ਕਿਸਾਨਾ ਤੇ ਮਜ਼ਦੂਰਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਣ ਲਈ ਸੱਦਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਦੀ ਸੂਬੇ ਦੀ ਸਰਕਾਰ ਇਨਕਲਾਬ ਦੀ ਗੱਲ ਤਾਂ ਕਰਦੀ ਹੈ ਪਰ ਅਸਲੀਅਤ ਤੋਂ ਕੋਹਾਂ ਦੂਰ ਹੈ ਲੋਕਾਂ ਦੀ ਲੁੱਟ ਜਿਉਂ ਜਿਉਂ ਦੀ ਤਿਉਂ ਬਰਕਰਾਰ ਹੈ, ਕਦੇ ਟਿੱਬਿਆਂ ਦੀ ਮਿੱਟੀ ਚੱਕਦੇ ਕਿਸਾਨਾ ਤੇ ਮਾਈਨਿੰਗ ਦੇ ਝੂਠੇ ਪਰਚੇ ਪਾਏ ਜਾਂਦੇ ਹਨ, ਫ਼ਸਲਾਂ ਦੇ ਹੋਏ ਨੁਕਸਾਨ ਨੂੰ ਪੂਰਿਆਂ ਨਹੀਂ ਜਾਂਦਾ, ਮਜ਼ਦੂਰਾ ਦੀ ਲੁੱਟ ਦਿਨੋਂ ਦਿਨ ਵਧ ਰਹੀ ਹੈ, ਰੁਜ਼ਗਾਰ ਮੰਗਣ ਗਏ ਨੌਜਵਾਨਾਂ ਨੂੰ ਪੁਲਿਸ ਦੁਆਰਾ ਡਾਂਗਾ ਨਾਲ ਕੁੱਟਿਆ ਜਾਂਦਾ ਹੈ। ਇਸ ਲਈ ਅੱਜ ਮੀਟਿੰਗ ਵਿੱਚ ਲੋਕਾਂ ਨੂੰ 28 ਸਤੰਬਰ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਜਥੇਬੰਦੀ ਵੱਲੋਂ ਜਬਰ ਦਾ ਸਾਹਮਣਾ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਦੱਸੇ ਰਾਹ ਤੇ ਤੁਰ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾ ਸਕੀਏ। ਇਸ ਸਮੇਂ ਬਲਾਕ ਆਗੂ ਕਾਲਾ ਚੱਠੇਵਾਲਾ, ਰਣਜੋਧ ਸਿੰਘ ਮਾਹੀਨੰਗਲ, ਕਲੱਤਰ ਕਲਾਲਵਾਲਾ, ਲੱਖਾ ਜੋਗੇਵਾਲਾ ਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।