ਲੋਕ ਮੋਰਚਾ ਪੰਜਾਬ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਵਿਖੇ ਕੀਤੀ ਮੀਟਿੰਗ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)- ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜਾ ਮਨਾਉਣ ਸਬੰਧੀ ਚੱਲ ਰਹੀ ਮੁਹਿੰਮ ਤਹਿਤ ਅੱਜ ਤਲਵੰਡੀ ਸਾਬੋ ਬਲਾਕ ਦੇ ਪਿੰਡ ਤਲਵੰਡੀ ਦੀ ਧੰਨਾ ਭਗਤ ਧਰਮਸ਼ਾਲਾ ਵਿਖੇ ਮੀਟਿੰਗ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਅਤੇ ਬਠਿੰਡਾ ਇਕਾਈ ਮੈਂਬਰ ਸ਼੍ਰੀਮਤੀ ਕਮਲ ਨੇ ਕਿਹਾ ਕਿ ਅੱਜ ਵੀ ਭਾਰਤ ਦੇ ਕਿਰਤੀ ਕਮਾਊ ਲੋਕ ਸਾਮਰਾਜੀ, ਜਗੀਰੂ ਅਤੇ ਕਾਰਪੋਰੇਟ ਲੁੱਟ ਦੇ ਸ਼ਿਕਾਰ ਹਨ। ਸਾਮਰਾਜੀਆਂ ਨੂੰ ਸੂਬੇ ਵਿਚ ਆ ਕੇ ਲੁੱਟ ਮਚਾਉਣ ਦੇ ਸੱਦੇ ਦੇਣ ਵਾਲੀ, ਕਾਰਪੋਰੇਟਾਂ ਨੂੰ ਸਲਾਹਕਾਰ ਬਣਾਉਣ ਵਾਲੀ, ਹੱਕ ਮੰਗਦੇ ਲੋਕਾਂ 'ਤੇ ਪੁਲਸੀਆ ਜਬਰ ਢਾਹੁਣ ਵਾਲੀ ਆਪ ਪਾਰਟੀ ਦੀ ਸਰਕਾਰ "ਇਨਕਲਾਬੀ" ਦੰਭ ਕਰ ਰਹੀ ਹੈ ਅਤੇ ਲੋਕਾਂ ਖਿਲਾਫ ਸਖਤ ਕਾਨੂੰਨ ਲੈਕੇ ਆ ਰਹੀ ਹੈ। ਭਗਤ ਸਿੰਘ ਬਾਰੇ ਸਿਮਰਨਜੀਤ ਮਾਨ ਤੇ ਸਿੱਖ ਫਿਰਕਾਪ੍ਰਸਤਾਂ ਵੱਲੋਂ ਕੀਤੇ ਕੂੜ ਪ੍ਰਚਾਰ ਦਾ ਅਸਲ ਮਕਸਦ ਲੋਕਾਂ ਅੰਦਰ ਫਿਰਕੂ ਵੰਡੀਆਂ ਪਾਉਣਾ ਅਤੇ ਪੰਜਾਬ ਵਾਸੀਆਂ ਨੂੰ ਮੂੜ ਫਿਰਕੂ ਫਸਾਦਾਂ ਦੀ ਅੱਗ ਚ ਝੋਕਣਾਂ ਹੈ। ਮੀਟਿੰਗ ਵਿੱਚ ਸ਼ਾਮਲ ਵਰਕਰਾਂ ਨੂੰ ਸੱਦਾ ਦਿੰਦਿਆਂ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਤੇ ਅਮਲ ਤੋਂ ਰੌਸ਼ਨੀ, ਉਤਸ਼ਾਹ ਤੇ ਸੇਧ ਲੈਂਦਿਆਂ ਹਕੂਮਤਾਂ ਤੋਂ ਭਲੇ ਦੀ ਝਾਕ ਛੱਡੋ। ਜਾਤਾਂ, ਧਰਮਾਂ, ਇਲਾਕਿਆਂ ਦੀਆਂ ਵਿੱਥਾਂ ਉਲੰਘ ਕੇ ਵਿਸ਼ਾਲ ਲੋਕ ਤਾਕਤ ਜੋੜੋ। ਜਨਤਕ ਖਾੜਕੂ ਸ਼ੰਘਰਸ਼ਾਂ ਦਾ ਬਾਣਨੂੰ ਬੰਨੋ। ਹਾਕਮਾਂ ਦਾ ਕਿਰਦਾਰ ਪਛਾਣੋ। ਨੀਤੀਆਂ ਨੂੰ ਸੰਘਰਸ਼ਾਂ ਦੇ ਨਿਸ਼ਾਨੇ 'ਤੇ ਲਿਆਓ। ਸਾਮਰਾਜੀਆਂ ਨੂੰ ਮੁਲਕ 'ਚੋਂ ਬਾਹਰ ਕੱਢਣ, ਜਗੀਰਦਾਰੀ ਦਾ ਫਸਤਾ ਵੱਢਣ ਅਤੇ ਰਾਜ ਸੱਤਾ ਦੱਬੇ ਕੁਚਲੇ ਲੋਕਾਂ ਹੱਥ ਲੈਣ ਦੇ ਰਾਹ ਤੁਰੋ।