You are here

ਮਾਂ ਨੂੰ ਮਰਨ ਲਈ ਛੱਡ ਦੇਣ ਵਾਲੇ ਸਿਆਸੀ ਆਗੂ ਨੂੰ ਢੀਂਡਸਾ ਨੇ ਪਾਰਟੀ 'ਚੋਂ ਕੱਢਿਆ ਬਾਹਰ

ਸ੍ਰੀ ਮੁਕਤਸਰ) ਸਾਹਿਬ, ਅਗਸਤ  2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ

 ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਅਫਸਰ ਲੱਗੇ ਪੁੱਤਾਂ, ਧੀਆਂ ਤੇ ਪੋਤੇ-ਪੋਤੀਆਂ ਦੇ ਹੁੰਦਿਆਂ ਕੀੜੇ ਪੈ ਕੇ ਲਾਵਾਰਸ ਦੀ ਤਰ੍ਹਾਂ ਜਹਾਨੋਂ ਗਈ ਮਾਤਾ ਮਹਿੰਦਰ ਕੌਰ ਦੇ ਵੱਡੇ ਪੁੱਤਰ ਰਾਜਿੰਦਰ ਰਾਜਾ, ਜੋ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ (ਡੀ) 'ਚ ਸ਼ਾਮਿਲ ਹੋਇਆ ਸੀ ਅਤੇ ਮਲੋਟ ਹਲਕੇ ਤੋਂ ਵਿਧਾਨ ਸਭਾ ਟਿਕਟ ਦੀ ਦਾਅਵੇਦਾਰੀ ਰੱਖਦਾ ਸੀ ਨੂੰ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ।ਢੀਂਡਸਾ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਰਾਜਿੰਦਰ ਸਿੰਘ ਰਾਜਾ ਮੁਕਤਸਰ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਪਾਰਟੀ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਸਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ ਪਰ ਉਨ੍ਹਾਂ ਦੇ ਧਿਆਨ 'ਚ ਆਇਆ ਕੇ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਹੈ ਤੇ ਉਹ ਬਹੁਤ ਬੁਰੀ ਹਾਲਤਾਂ 'ਚ ਸੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 'ਚ ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕ ਨਹੀਂ ਰਹਿ ਸਕਦੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਓਐੱਸਡੀ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਪੀਏ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਜਿੰਦਰ ਰਾਜਾ ਨੂੰ ਪਾਰਟੀ ਦੀ ਮੈਂਬਰਸ਼ਿਪ 'ਚੋਂ ਬਰਖਾਸ਼ਤ ਕਰ ਦਿੱਤਾ ਗਿਆ ਹੈ।ਢੀਂਡਸਾ ਦੇ ਇਸ ਕਦਮ ਦਾ ਲੋਕਾਂ ਨੇ ਭਰਪੂਰ ਸੁਆਗਤ ਕਰਦਿਆਂ ਮਾਤਾ ਦੇ ਦੂਸਰੇ ਬੱਚਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮਾਤਾ ਮਹਿੰਦਰ ਕੌਰ ਨਾਲ ਉਸਦੇ ਪੁੱਤਾਂ, ਧੀਆਂ ਤੇ ਪੋਤੇ-ਪੋਤੀਆਂ ਵੱਲੋਂ ਕੀਤੇ ਗੈਰ-ਮਨੁੱਖੀ ਵਤੀਰੇ ਦੀ ਨਿੰਦਾ ਕਰਦਿਆਂ ਗਿੱਦੜਬਾਹਾ ਦੇ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਵੱਖ-ਵੱਖ ਸ਼ਖ਼ਸ਼ੀਅਤਾਂ ਨੇ ਮਾਤਾ ਦੇ ਅਫਸਰ ਲੱਗੇ ਰਿਸ਼ਤੇਦਾਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।