ਜਗਰਾਓਂ/ਲੁਧਿਆਣਾ, ਅਗਸਤ 2020 -( ਚਰਨਜੀਤ ਸਿੰਘ ਚੰਨ/ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-
ਜਗਰਾਓਂ 'ਚ ਕੋਰੋਨਾ ਦੇ ਗੜ੍ਹ ਬਣੇ ਮੁਹੱਲਾ ਰਾਮ ਨਗਰ ਨੂੰ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਮੁਹੱਲੇ ਦੇ ਲੋਕਾਂ ਨੂੰ ਕੋਰੋਨਾ ਸਬੰਧੀ ਕਿਸੇ ਤਰ੍ਹਾਂ ਦੇ ਵੀ ਲੱਛਣ ਪਾਏ ਜਾਣ 'ਤੇ ਤੁਰੰਤ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਵਰਣਨਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਇਲਾਕੇ ਦੇ 29 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 23 ਵਿਅਕਤੀਆਂ ਦੇ ਸੈਂਪਲ ਕੋਰੋਨਾ ਪਾਜੇਟਿਵ ਆਏ ਅਤੇ ਇਨ੍ਹਾਂ 23 ਵਿਚੋਂ 10 ਕੋਰੋਨਾ ਪਾਜੇਟਿਵ ਇੱਕੋ ਮੁਹੱਲਾ ਰਾਮ ਨਗਰ ਦੇ ਆਉਣ ਕਾਰਨ ਸਿਹਤ ਵਿਭਾਗ ਵਿਚ ਖਲਬਲੀ ਮਚ ਗਈ। ਬੁੱਧਵਾਰ ਦਿਨ ਚੜ੍ਹਦਿਆਂ ਹੀ ਸਿਹਤ ਵਿਭਾਗ ਨੇ ਮੁਹੱਲਾ ਰਾਮ ਨਗਰ 'ਚ 10 ਕੋਰੋਨਾ ਪਾਜੇਟਿਵ ਮਰੀਜ਼ਾਂ ਦੇ ਮਾਮਲੇ ਨੂੰ ਲੈ ਕੇ ਮੁਹੱਲੇ ਨੂੰ ਸੀਲ ਕਰਨ ਦਾ ਫੈਸਲਾ ਕੀਤਾ ਅਤੇ ਡੀਐੱਸਪੀ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਮੁਹੱਲਾ ਰਾਮ ਨਗਰ ਪੁੱਜੀ, ਜਿੱਥੇ ਉਨ੍ਹਾਂ ਮੁਹੱਲੇ 'ਚ ਦਾਖਲ ਹੋਣ ਵਾਲੇ ਰਸਤੇ ਬੰਦ ਕਰ ਦਿੱਤੇ। ਇਸ ਮੌਕੇ ਡੀਐੱਸਪੀ ਰਾਜੇਸ਼ ਕੁਮਾਰ ਨੇ ਮੁਹੱਲੇ ਦੇ ਲੋਕਾਂ ਨੂੰ ਕੋਰੋਨਾ ਦੇ ਵੱਧਦੇ ਖ਼ਤਰੇ ਤੋਂ ਅਗਾਹ ਕਰਦਿਆਂ ਅਪੀਲ ਕੀਤੀ ਕਿ ਕੁਝ ਦਿਨ ਬਿਨ੍ਹਾਂ ਕੰਮ ਉਹ ਘਰਾਂ 'ਚੋਂ ਬਾਹਰ ਨਾ ਨਿਕਲਣ। ਆਪਣਾ ਬਚਾ ਕਰਨ ਨਾਲ ਹੀ ਅਸੀਂ ਆਪਣੇ ਪਰਿਵਾਰ ਦਾ ਬਚਾ ਕਰ ਸਕਦੇ ਹਾਂ ਓਹਨਾ ਰਾਮ ਨਗਰ ਮੁਹਲੇ ਵਿੱਚ ਬਾਹਰ ਤੋਂ ਆਉਣ ਵਾਲਿਆ ਨੂੰ ਵੀ ਆਖਿਆ ਕਿ ਇਥੇ ਬਹੁਤ ਹੀ ਜਰੂਰੀ ਕੰਮ ਤੋਂ ਬਿਨਾਂ ਨਾ ਆਇਆ ਜਾਵੇ।