ਹੁਣ ਮਾਸਕ ਨਾ ਪਾਉਣ 'ਤੇ ਲੱਗੇਗਾ 3 ਲੱਖ ਤੋਂ ਵੱਧ ਦਾ ਜੁਰਮਾਨਾ

ਲੰਡਨ/ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

 ਕੋਰੋਨਾ ਵਾਇਰਸ ਤੋਂ ਬਚਾਓ ਲਈ ਮਾਸਕ ਪਾਉਣਾ ਬੇਹੱਦ ਲਾਜ਼ਮੀ ਹੈ। ਇਸ ਦੀ ਵਰਤੋਂ ਦੁਨੀਆਂ ਭਰ ਵਿੱਚ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਪਰ ਕੁਝ ਦੇਸ਼ਾਂ ਵਿੱਚ ਇਸ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਲਈ ਸਰਕਾਰਾਂ ਵਲੋਂ ਜੁਰਮਾਨੇ ਵਸੂਲਣ ਦਾ ਪ੍ਰਬੰਧ ਕੀਤਾ ਗਿਆ ਹੈ। ਅਜਿਹਾ ਕੁਝ ਹੀ ਹੁਣ ਬਰਤਾਨੀਆ ਦੀ ਸਰਕਾਰ ਵੀ ਕਰਨ ਜਾ ਰਹੀ ਹੈ। ਬਰਤਾਨੀਆਂ ਵਿੱਚ ਹੁਣ ਮਾਸਕ ਨਾ ਪਾਉਣ ਵਾਲਿਆਂ ਤੋਂ ਸਰਕਾਰ ਕਰੀਬ 3 ਲੱਖ 14 ਹਜ਼ਾਰ ਰੁਪਏ (3200 ਪੌਂਡ) ਤਕ ਦਾ ਜੁਰਮਾਨਾ ਵਸੂਲ ਕਰ ਸਕੇਗੀ।ਇਸ ਸਬੰਧੀ ਜਾਣਕਾਰੀ ਮੁਤਾਬਕ ਸਰਕਾਰਨ ਵਲੋਂ ਜਨਤਕ ਟ੍ਰਾਂਸਪੋਰਟ ਤੇ ਦੁਕਾਨਾਂ ਵਰਗੀਆਂ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਅਜਿਹੀਆਂ ਥਾਵਾਂ 'ਤੇ ਇਸ ਦੀ ਵਾਰ-ਵਾਰ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਰਾਸ਼ੀ ਵਧਾ ਦਿੱਤੀ ਗਈ ਹੈ। ਹੁਣ ਵੱਧ ਤੋਂ ਵੱਧ 3200 ਪੌਂਡ (ਕਰੀਬ ਤਿੰਨ ਲੱਖ 14 ਹਜ਼ਾਰ ਰੁਪਏ) ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਵਧੇਰੇ ਲੋਕ ਨਿਯਮਾਂ ਦਾ ਪਾਲਣ ਕਰ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਥਚਾਰੇ ਨੂੰ ਖੋਲ੍ਹੇ ਜਾਣ ਦੇ ਅਗਲੇ ਪੜਾਅ ਤਹਿਤ ਹੋਰ ਲੋਕਾਂ ਨੂੰ ਕੰਮ 'ਤੇ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਬਰਤਾਨਵੀ ਸਰਕਾਰ ਨੇ ਫਰਾਂਸ ਤੇ ਨੀਦਰਲੈਂਡ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨ ਦਾ ਕੁਆਰੰਟਾਈਨ ਜ਼ਰੂਰੀ ਕਰ ਦਿੱਤਾ ਹੈ।