You are here

ਪੰਜਾਬ 'ਚ ਅੱਜ ਫੇਰ ਕੋਰੋਨਾ ਨਾਲ 15 ਮੌਤਾਂ, 783 ਪਾਜ਼ੇਟਿਵ ਮਰੀਜ਼

ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਸੂਬੇ 'ਚ ਕੁਲ 783 ਲੋਕ ਜਿੱਥੇ ਇਨਫੈਕਟਿਡ ਪਾਏ ਗਏ ਉੱਥੇ 15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਤੇ ਬਠਿੰਡਾ ਤੋਂ ਮਿਲੇ ਹਨ। ਲੁਧਿਆਣਾ 'ਚ 211 ਮਰੀਜ਼ ਇਨਫੈਕਟਿਡ ਪਾਏ ਗਏ ਹਨ। ਇਹ ਤੀਜੀ ਵਾਰੀ ਹੈ ਜਦੋਂ ਲੁਧਿਆਣਾ 'ਚ ਇਕ ਹੀ ਦਿਨ 'ਚ ਮਰੀਜ਼ਾਂ ਦਾ ਅੰਕੜਾ 200 ਦੇ ਪਾਰ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇੱਥੇ ਸਭ ਤੋਂ ਜ਼ਿਆਦਾ 218 ਮਰੀਜ਼ ਪਾਜ਼ੇਟਿਵ ਪਾਏ ਗਏ ਸਨ। ਇਸ ਦੇ ਨਾਲ ਹੀ ਲੁਧਿਆਣਾ 'ਚ ਇਕ ਦਿਨ 'ਚ 9 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।ਉੱਥੇ ਬਠਿੰਡਾ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਐਤਵਾਰ ਨੂੰ ਜਿੱਥੇ ਬਠਿੰਡਾ 'ਚ 112 ਮਰੀਜ਼ ਪਾਜ਼ੇਟਿਵ ਮਿਲੇ ਸਨ, ਉੱਥੇ ਸੋਮਵਾਰ ਨੂੰ ਇੱਥੇ ਰਿਕਾਰਡ 183 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚ 108 ਮਰੀਜ਼ ਬਠਿੰਡਾ ਰਿਫਾਈਨਰੀ 'ਚ ਕੰਮ ਕਰਨ ਵਾਲੇ ਤੇ 25 ਸੈਂਟਰਲ ਜੇਲ੍ਹ ਦੇ ਹਵਾਲਾਤੀ ਹਨ। ਇਸ ਦੇ ਇਲਾਵਾ ਜਲੰਧਰ 'ਚ 65 ਲੋਕ ਇਨਫੈਕਟਿਡ ਤੇ ਦੋ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਫ਼ਤਹਿਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ 'ਚ ਵੀ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਫਿਰੋਜ਼ਪੁਰ 'ਚ 52 ਲੋਕ ਕੋਰੋਨਾ ਦੀ ਲਪੇਟ 'ਚ ਆਏ ਹਨ।