50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਹੁਕਮ ਦੇਣ ਦੀ ਯੋਜਨਾ ਬਣਾ ਰਹੀ ਹੈ ਬਰਤਾਨੀਆ ਸਰਕਾਰ

ਲੰਡਨ, ਅਗਸਤ 2020  ( ਗਿਆਨੀ ਰਾਵਿਦਰਪਾਲ ਸਿੰਘ)- 

ਕੋਵਿਡ-19 ਮਹਾਂਮਾਰੀ ਦੇ ਦੂਜੇ ਹਮਲੇ ਦਾ ਸਾਹਮਣਾ ਕਰਨ ਲਈ ਬਰਤਾਨੀਆ ਸਰਕਾਰ ਵਲੋਂ ਤਿਆਰੀ ਕੀਤੀ ਜਾ ਰਹੀ ਹੈ । ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਮੁੜ ਤਾਲਾਬੰਦੀ ਤੋਂ ਬਚਾਉਣ ਲਈ ਸਰਕਾਰ ਵਲੋਂ 50 ਸਾਲ ਤੋਂ 70 ਸਾਲ ਦੀ ਉਮਰ ਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦੇਣ ਦੀ ਯੋਜਨਾ ਬਣਾ ਰਹੀ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਜੇ ਕੋੋਰੋਨਾ ਵਾਇਰਸ ਦਾ ਦੂਜਾ ਹਮਲਾ ਹੁੰਦਾ ਹੈ ਤਾਂ ਸਰਕਾਰ ਵਲੋਂ ਜਿਹੜੇ ਲੋਕਾਂ ਨੂੰ ਕੋਵਿਡ-19 ਦਾ ਵਧੇਰੇ ਖ਼ਤਰਾ ਹੈ, ਉਨ੍ਹਾਂ ਦੀ ਉਮਰ ਅਤੇ ਸਿਹਤ ਸਮੱਸਿਆਵਾਂ ਆਧਾਰਿਤ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਜਾ ਸਕਦੀ ਹੈ । ਯੋਜਨਾ ਅਨੁਸਾਰ ਲੰਡਨ ਦੇ ਲੋਕਾਂ ਨੂੰ ਘਰਾਂ 'ਚ ਰਹਿਣ, ਐਮ 25 ਤੋਂ ਬਾਹਰ ਯਾਤਰਾ ਨਾ ਕਰਨ ਅਤੇ ਕਿਸੇ ਹੋਰ ਦੇ ਘਰ ਨਾ ਰਹਿਣ ਦੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ । ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਦੂਜੀ ਵਾਰ ਤਾਲਾਬੰਦੀ ਤੋਂ ਬਚਨ ਲਈ ਵਿੱਤ ਮੰਤਰੀ ਰਿਸ਼ੀ ਸੁਨਾਕ ਨਾਲ ਗੱਲਬਾਤ ਕੀਤੀ ਹੈ ।ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਅਜਿਹੀ ਕਿਸੇ ਯੋਜਨਾ ਦੀ ਅਜੇ ਪੁਸ਼ਟੀ ਨਹੀਂ ਕੀਤੀ । ਮੀਡੀਆ ਰਿਪੋਰਟਾਂ ਅਨੁਸਾਰ ਜੇ ਸਰਕਾਰ ਵਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ 22 ਲੱਖ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ ।