ਕੁਲਵੰਤ ਸੈਦੋਕੇ ਦਾ ਪਲੇਠਾ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਛਪ ਕੇ ਲੋਕਾਂ ਦੀ ਕਚਹਿਰੀ ਚ ✍️ ਸ਼ਿਵਨਾਥ ਦਰਦੀ

'ਮਹਿਕਦੇ ਗੀਤ' ਕਾਵਿ ਸੰਗ੍ਰਹਿ       

         ਲੇਖਕ :- ਕੁਲਵੰਤ ਸੈਦੋਕੇ

         ਸੰਪਰਕ :- 7889172043

         ਮੁੱਲ :- 220 ਰੁਪਏ, ਸਫ਼ੇ :- 132

        ਜ਼ੋਹਰਾ ਪਬਲੀਕੇਸ਼ਨਜ਼ ਪਟਿਆਲਾ ( ਪੰਜਾਬ )

     'ਮਹਿਕਦੇ ਗੀਤ' ਕਾਵਿ ਸੰਗ੍ਰਹਿ , ਲੇਖਕ 'ਕੁਲਵੰਤ ਸੈਦੋਕੇ' ਜੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ । ਇਸ ਕਾਵਿ-ਸੰਗ੍ਰਹਿ ਵਿਚ 'ਸੈਦੋਕੇ ਜੀ' ਨੇ , ਆਪਣੀ ਗੀਤਕਾਰੀ ਰਾਹੀਂ , ਬਹੁਰੰਗੀ ਜ਼ਿੰਦਗੀ ਦੇ ਰੰਗ ,  ਆਪਣੇ ਅਮੋਲਕ ਅਲਫਾਜਾਂ ਰਾਹੀਂ ਦਰਸਾਏ । 'ਸੈਦੋਕੇ ਜੀ' , ਇੱਕ ਸੰਵੇਦਨਸ਼ੀਲ , ਭਾਵਪੂਰਕ ਤੇ ਸਥਾਪਿਤ ਗੀਤਕਾਰ ਹੈ । 'ਸੈਦੋਕੇ ਜੀ' ਪੰਜਾਬ ਦੇ ਸਮਾਜਿਕ , ਸੱਭਿਆਚਾਰਕ ਅਤੇ ਰਾਜਨੀਤਕ ਮਾਹੌਲ ਤੋਂ ਬਾਖੂਬੀ ਵਾਕਿਫ਼ ਹਨ । 'ਕੁਲਵੰਤ ਸੈਦੋਕੇ ਜੀ' ਅਸੱਭਿਅਕ ਗਾਇਕੀ ਤੇ ਗੀਤਕਾਰੀ ਤੋਂ ਕੋਹਾਂ ਦੂਰ ਹੈ । ਗੀਤਕਾਰੀ ਕਰਨਾ , ਹਰ ਲੇਖਕ ਦੇ ਵੱਸ ਦੀ ਨਹੀਂ । ਗੀਤਕਾਰੀ ਕਰਦੇ ਸਮੇਂ ਲੈਅ ਬੱਧਤਾ , ਤੁਕਾਂਤ ਮੇਲ , ਬੰਦਸ਼ ਤੇ ਵਜ਼ਨ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ , ਤਾਂ ਕਿ ਸੰਗੀਤਕਾਰ ਨੂੰ , ਸੰਗੀਤ ਤਿਆਰ ਕਰਨ , ਆਸਾਨੀ ਹੋਵੇ । ਲੇਖਕ ਕੋਲ ਸ਼ਬਦਾਂ ਦਾ ਭੰਡਾਰ ਹੈ , ਤੇ ਸ਼ਬਦਾਂ ਨੂੰ ਤਰਤੀਬ ਦੇਣ ਦੀ ਜਾਂਚ ਬਾਰੇ ਜਾਣਕਾਰੀ ਹੈ । ਓਨਾਂ ਗੀਤਾਂ ਦੀ ਉਮਰ ਲੰਮੇਰੀ ਹੁੰਦੀ ਹੈ , ਜਿਨ੍ਹਾਂ ਗੀਤਾਂ ਨੂੰ ਲੋਕਾਈ ਨੂੰ ਸਾਹਮਣੇ ਰੱਖ , ਗੀਤਾਂ ਦਾ ਰੂਪ ਦਿੱਤਾ ਜਾਵੇ । ਇਸੇ ਤਰ੍ਹਾਂ 'ਸੈਦੋਕੇ ਜੀ' ਨੇ ਬਹੁਤ ਸਾਰੀਆਂ ਰਚਨਾਵਾਂ , ਪਿਆਰ ਮੁਹੱਬਤ , ਬਿਰਹੋਂ , ਰਿਸ਼ਤਿਆਂ ਚ ਆ ਰਹੀ ਗਿਰਾਵਟ , ਕਿਸਾਨੀ ਸੰਘਰਸ਼ , ਕਿਰਤੀਆਂ ਦੀ ਲੁੱਟ , ਧੀਆਂ ਦੇ ਦੁੱਖ-ਸੁੱਖ , ਰਾਜਨੀਤਕ ਲੋਕਾਂ ਵੱਲੋ ਲੁੱਟ ਖਸੁੱਟ , ਫੌਜੀ ਵੀਰਾਂ ਦੀ ਪਰਿਵਾਰ ਤੋਂ ਦੂਰੀ , ਅਧਿਆਪਕ ਦੇ ਸਨਮਾਨ ਤੇ ਗੀਤਕਾਰੀ ਕਰ ਵਾਹ ਵਾਹ ਖੱਟੀ ਹੈ ।

        'ਕੁਲਵੰਤ ਸੈਦੋਕੇ ਜੀ' ਦੇ ਗੀਤ ਪਿਆਰ ਮੁਹੱਬਤ ਬਾਤ ਪਾਉਂਦੇ ਤੇ ਨੀਲੇ ਅੰਬਰਾਂ ਨੂੰ ਛੂੰਹਦੇ ਹਨ  । ਓਹ ਲਿਖਦੇ ਹਨ :- 

              ਇਹ ਗੀਤਾਂ ਦੀ ਅਜ਼ਬ ਕਹਾਣੀ ,

              ਬਾਤ ਪਿਆਰ ਦੀ ਪਾਉਂਦੀ ਐ ।

              ਧਰਤੀ ਤੋ ਨੀਲੇ ਅੰਬਰਾਂ ਦੇ ਵਿਚ ,

              ਉੱਚਾ ਉਡਣਾ ਚਹੁੰਦੀ ਐ ।

       ਜਦੋਂ ਤੱਕ ਗੀਤਕਾਰੀ ਵਿਚ , ਪਿਆਰ ਮੁਹੱਬਤ ਚ' ਬਿਰਹੋਂ ਨਹੀਂ ਹੁੰਦੀ , ਉਦੋਂ ਤੱਕ ਸਾਰਥਕ ਗੀਤਕਾਰੀ ਅਧੂਰੀ ਲੱਗਦੀ ਹੈ । 'ਸੈਦੋਕੇ ਜੀ '  ਬਿਰਹੋਂ ਦਾ ਜ਼ਿਕਰ ਕਰਦੇ ਲਿਖਦੇ ਹਨ ‌‌- :

                ਬਿਰਹੋਂ ਵਿਛੋੜਾ ਕਸਕ ਦਿਲਾਂ ਦੀ ,

                ਭਰ ਜੋਬਨ ਵਿੱਚ ਸਹਿੰਦੇ ਆ ।

                ਹੰਝੂਆਂ ਦੇ ਹੜ੍ਹ ਵਿਚ ਬੇਸ਼ਕੀਮਤੀ ,

                ਖ਼ਿਆਲ ਤੈਰਦੇ ਰਹਿੰਦੇ ਆ ।

       ਦੇਸ਼ ਦੀ ਰਖਵਾਲੀ ਕਰਦੇ , ਫੌਜੀ ਵੀਰਾਂ ਦਾ ਦਿਲ ਜਿੱਤਿਆ ਹੈ , 'ਸੈਦੋਕੇ ਜੀ' ਨੇ , ਲਿਖਦੇ ਹਨ :- 

                ਨਾ ਕੋਈ ਫ਼ੋਨ ਤੇ ਨਾ ਹੀ ਕੋਈ ਖ਼ਤ ਪਾਇਆ ,

                ਭੁੱਲ ਗਿਓ ਸਾਡਾ ਤੂੰ ਖਿਆਲ ਫੌਜੀਆਂ ।

                ਵੇ ਜੇ ਤੂੰ ਛੁੱਟੀ ਨਹੀਂ ਆਉਣਾ ਲੈ ਜਾ ਨਾਲ ਫੌਜੀਆਂ ।

       ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਲਿਖ , ਸਰਹੱਦਾਂ ਤੇ ਬੈਠੇ , ਫੌਜੀ ਵੀਰਾਂ ਦੇ ਹੌਸਲੇ ਬੁਲੰਦ ਕੀਤੇ , ਓਨਾਂ ਦੀ ਦੇਸ਼ ਭਗਤੀ ਗੀਤਾਂ ਵਿਚ ਝਲਕਦੀ ਹੈ । 'ਸੈਦੋਕੇ ਜੀ ' ਖੁਦ ਭਾਰਤੀ ਫੌਜ ਚ' ਸੇਵਾ ਕਰ , ਸਰਹੱਦਾਂ ਦੇ ਸੇਕ  , ਰਾਤਾਂ ਦੇ ਉਨੀਂਦਰੇ ਝੱਲ , ਪਿੰਡੇ ਤੇ ਗਰਮ ਸਰਦ ਮੌਸਮ ਹੰਢਾ ਕੇ , ਅੱਜ ਪ੍ਰਪੱਕ ਗੀਤਾਂ ਨੂੰ ਜਨਮ ਦੇ ਰਿਹਾ ਹੈ ।

       'ਕੁਲਵੰਤ ਸੈਦੋਕੇ ਜੀ' ਪਿੰਡ ਚ' ਰਹਿ , ਕਿਸਾਨ ਦੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹੈ । ਤਿੰਨ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਦਾ , ਲਿਖਦਾ ਹੈ :- 

                ਤੈਥੋਂ ਬਾਦਸ਼ਾਹੀ ਨਹੀਂ ਸੰਭਦੀ ,

                ਹੁਣ ਫਿਰਦੀ ਥਰ ਥਰ ਕੰਬਦੀ ,

                ਦੇਖ ਲਿਆ ਅਸੀਂ ਤੈਨੂੰ ਅਜ਼ਮਾ ਕੇ ,

                ਪੁੱਠਾ ਪੰਗਾ ਲੈ ਲਿਆ ਦਿੱਲੀਏ ,

                ਤੂੰ ਪੰਜਾਬ ਨਾਲ ਸਿੱਧਾ ਮੱਥਾ ਲਾ ਕੇ ।

      ਸਮਾਜ ਵਿੱਚ ਉੱਚਾ ਸੁੱਚਾ ਸਥਾਨ ਰੱਖਦੇ , ਸਾਡੇ ਟੀਚਰ,  ਅਧਿਆਪਕ । ਸਾਨੂੰ ਸਮਾਜ ਵਿਚ , ਅੱਗੇ ਵਧਣ ਲਈ , ਸਾਨੂੰ ਸ਼ਬਦ ਭੰਡਾਰ ਦਿੰਦੇ ਹਨ । ਅਸੀਂ ਚੰਗੀ ਸਿੱਖਿਆ ਲੈ , ਸਮਾਜ ਰਹਿਣ ਦਾ ਸਲੀਕਾ ਸਿਖਦੇ ਹਾਂ । ਸਨਮਾਨਯੋਗ , ਟੀਚਰਾਂ ਆਧਿਆਪਕਾਂ ਲਈ 'ਸੈਦੋਕੇ ਜੀ' ਲਿਖਦੇ ਹਨ :- 

                 ਅਧਿਆਪਕ ਰਾਹ ਦਸੇਰੇ ਹੁੰਦੇ ,

                 ਜੀਵਨ ਜਾਚ ਸਿਖਾਣ ।

                 ਭਰ ਭਰ ਮੁੱਠੀਆਂ ਚਾਨਣ ਵੰਡਣ ,

                 ਟੀਚਰ ਹੁੰਦੇ ਮਹਾਨ ।

       'ਸੈਦੋਕੇ ਜੀ' ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਵਿਚ ਸਰਲ ਤੇ ਅਰਥ ਭਰਪੂਰ ਸ਼ਬਾਦਵਲੀ ਗੀਤਕਾਰੀ ਨੂੰ ਚਾਰ ਚੰਨ ਲਾਏ । ਇਸ ਕਾਵਿ-ਸੰਗ੍ਰਹਿ ਵਿਚ ਚ' 'ਸੈਦੋਕੇ ਜੀ' ਨੇ ਸਮਾਜਿਕ ਵਰਤਾਰਿਆਂ ਨੂੰ ਬਾਖੂਬੀ ਪੇਸ਼ ਕੀਤਾ ਤੇ ਸਮਾਜ ਵਿਰੋਧੀ ਤਾਕਤਾਂ ਦਾ ਖੰਡਨ ਕੀਤਾ । ਪੂਰੀ ਲੋਕਾਈ ਨੂੰ , ਇੱਕ ਬੰਧਣ ਵਿਚ ਬੰਨਣ ਲਈ ਲਿਖਦਾ ਹੈ :- 

                 ਕਿਉਂ ਕਰਦਾ ਏਂ ਮੇਰੀਆਂ ਤੇਰੀਆਂ ,

                 ਹੋ ਜਾਣ ਮਿੱਟੀ ਦੀਆਂ ਢੇਰੀਆਂ ।

                 ਤੂੰ ਛੇੜਦਾ ਕਿਉਂ ਜੰਗ ਬੰਦਿਆਂ ।

                 ਜਿਹੜਾ ਸਭ ਦੀਆਂ ਨਾੜਾਂ ਵਿਚ ਦੌੜੇ ,

                 ਲਹੂ ਦਾ ਇੱਕੋ ਰੰਗ ਬੰਦਿਆਂ ।

     'ਕੁਲਵੰਤ ਸੈਦੋਕੇ ਜੀ' ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਹਮੇਸ਼ਾ ਮਹਿਕਦੇ ਰਹਿਣ । ਪਾਠਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡਣ । ਮੇਰੀਆਂ ਦੁਆਵਾਂ, ਪਾਠਕਾਂ ਵੱਲੋਂ 'ਮਹਿਕਦੇ ਗੀਤ' ਕਾਵਿ ਸੰਗ੍ਰਹਿ ਨੂੰ ਅਥਾਹ ਪਿਆਰ ਮਿਲੇ । ਆਸ ਹੈ ਕਿ ਆਉਣ ਵਾਲੇ ਸਮੇਂ ਚ' , 'ਕੁਲਵੰਤ ਸੈਦੋਕੇ ਜੀ' ਹੋਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ , ਪਾਠਕਾਂ ਦੀ ਝੋਲੀ ਪਾਉਣਗੇ । ਆਮੀਨ

                                    ਸ਼ਿਵਨਾਥ ਦਰਦੀ 

                                  ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।