ਗਿਆਨੀ,ਪੰਡਤ, ਮੌਲਵੀ ,ਇਨਸਾਨ - ਕੀ ਇਹ ਸਾਰੇ ਇਕ ਰੂਪ ਹਨ ✍️ ਪਰਮਿੰਦਰ ਸਿੰਘ ਬਲ

ਗਿਆਨੀ,ਪੰਡਤ, ਮੌਲਵੀ ,ਇਨਸਾਨ - ਕੀ ਇਹ ਸਾਰੇ ਇਕ ਰੂਪ ਹਨ ਜਾਂ ਚਾਰ ਵੱਖਰੇ ਜਾਂ ਇਕ ਇਨਸਾਨ ਹੀ ਵੱਖਰਾ ਹੈ , ਸਗੋਂ ਕਿਸੇ ਵੱਖਰੇ ਮੁੱਦੇ ਦੀ ਗੱਲ ਤੇ ਪਦਾਰਥਵਾਦੀ ਯੁੱਗ ਵਿੱਚ ਗਿਆਨੀ , ਪੰਡਤ , ਮੌਲਵੀ ਤਿੰਨੋਂ ਇੱਕੋ ਰੂਪ ਹਨ । ਗਿਆਨ ਬਹਾਨੇ ਵੱਖਰੇ ਰੰਗ ਬਦਲ ਕੇ ਸਮਾਜ ਨਾਲ ਚੰਗੇ ਜਾਂ ਮਾੜੇ ਦਾ ਬਦਲ ਕਰਨ ਦੇ ਜ਼ਿੰਮੇਵਾਰ ਹਨ ਅਤੇ ਇਸ ਦਾ ਅਸਰ ਇਨਸਾਨ ਦੀ ਹੀ ਜ਼ਿੰਦਗੀ ਤੇ ਪਾਉਂਦੇ , ਕਈ ਹਾਲਤਾਂ ਵਿੱਚ ਕਹਿਰ ਭੀ ਢਾਉਣ ਦੇ ਜੁਮੇਵਾਰ ਹੋ ਨਿਕਲਦੇ ਹਨ । ਜੇ ਸਿਰਫ਼ ਪੰਡਤ ਦੀ ਗੱਲ ਲੈ ਲਈਏ ਤਾਂ ਹਿੰਦੁਸਤਾਨ ਵਿੱਚ ਬਦੇਸੀ ਜੜ ਲੱਗਣ ਸਮੇਂ ,ਪੰਡਤ ਹੀ ਸੀ ਜਿਸ ਨੇ ਪਹਿਲਾਂ ਗੁਲਾਮੀ ਨੂੰ ਗਲੇ ਲਾਇਆ ਤੇ ਰਾਹ ਪੱਧਰਾ ਕੀਤਾ । ਲਾਹੌਰੀ ਰਾਮ ਨੇ ਇਸੇ ਆਧਾਰ ਆਪਣੀ ਪੁਸਤਕ ਵਿੱਚ ਲਿਖਿਆ ਹੈ , ਕਿ ਜਦ ਉੱਤਰ , ਪੱਛਮ ਤੋਂ ਹਮਲਾਵਰ ਹਿੰਦੁਸਤਾਨ ਦੀ ਧਰਤੀ ਤੇ ਹਾਵੀ ਹੋਏ ਤਾਂ ਪੰਡਤ ਅੱਗੇ ਹੋ ਕੇ ਉਨ੍ਹਾਂ ਦਾ ਦਰਬਾਰੀ ਬਣਿਆ। ਅੰਗਰੇਜ਼ ਤੇ ਪੁਰਤਗੇਜ਼ੀ ਆਮਦ ਸਮੇਂ ਵੀ ਇਸ ਪੰਡਤ ਨੇ ਆਪਣੇ ਪਹਿਰਾਵੇ ਨੂੰ ਤਿਲਾਂਜਲੀ ਦੇ ਕੇ ਅੰਗਰੇਜ਼ੀ ਚੱਪਲ ਤੇ ਪਤਲੂਨ ਨੂੰ ਕਬੂਲ ਕੀਤਾ ਸੀ । ਮੌਜੂਦਾ ਪੰਜਾਬ ਦੇ ਚੋਣ ਘੋਲ ਵਿੱਚ ਹਾਲਾਤ ਕੀ ਹਨ ਨਜ਼ਰ ਮਾਰੋ ਤਾਂ ਕਿਵੇਂ ਇਕ ਨਾਮੀ ਪਾਰਟੀ ਨੇ   ਸਿਖਾਂ ਅਤੇ ਪੰਜਾਬੀਆਂ ਨੂੰ ਮੁੱਖ ਮੰਤਰੀ ਦਾ ਚਿਹਰਾ ਦਿਖਾਇਆ ਹੈ ਤਾਂ ਇਕ ਪੇਂਡੂ ਬੋਲੀ ਦਾ ਗੀਤ ਸੁਣੀਦਾ ਸੀ ਕਿ “ਪੰਡਤ ਜੀ ਮੇਰੇ ਮਰਨ ਕੇ ਬਾਅਦ , ਇਕ ਬੋਤਲ ਨਾਲ ਟਿਕਾ ਦੇਨਾ “ ।  ਕੀ ਇਹ ਚਿਹਰਾ ਕਿੱਥੋਂ ਤੱਕ ਜਾਇਜ਼ ਹੈ ? ਕਿ ਬੰਦੇ ਨੂੰ ਆਪਣੇ ਆਪ ਨੂ ਸਿੱਖ ਅਖਵਾਉਣ ਤੋਂ ਭੀ ਸ਼ਰਮ ਆਉਦੀ ਹੋਵੇ ।1947 ਦਾ ਸਮਾਂ ਪੰਜਾਬੀ ਤੇ ਸਿਖਾਂ ਦਾ ਭਿਆਨਕ ਉਜਾੜੇ ਦਾ ਸਮਾਂ ਜਿਸ ਵਿੱਚ ਦੱਸ ਲੱਖ ਤੋਂ ਵੱਧ ਕਤਲੋਗਾਰਤ , ਜਾਨ ਮਾਲ ਦਾ ਇਹ ਉਜਾੜਾ ਹੋਇਆ । ਇਨਸਾਨ ਨੇ ਹੀ ਭੁਗਤਿਆ ਜਿਵੇਂ ਕੁਦਰਤ ਨੇ ਉਸ ਲਈ ਕੁਝ ਦੁਖਾਂਤ ਹਮੇਸ਼ਾ ਰਾਖਵੇ਼ ਹੀ ਰੱਖ ਛੱਡੇ ਹੁੰਦੇ ਹਨ । ਦੇਸ਼ ਦੀ ਅਸਹਿ ਵੰਡ ਤੋਂ ਬਾਅਦ ਹਰ ਕਸ਼ਟ ਵਿੱਚੋਂ ਵਿਚਰ ਕੇ ਲੋਕ ਆਪਣੀ ਨਵੀਂ ਕਿਸਮਤ ਨੂੰ ਘੜਨ ਵਿੱਚ ਰੁੱਝ ਗਏ।
ਸਿੱਖ ਕੌਮ ਨੇ ਆਪਣੇ ਬਚੇਖੁਚੇ ਹੱਥਾਂ ਨਾਲ ਭਾਣਾ ਮੰਨਦਿਆਂ ਨਵੇਂ ਕਦਮਾਂ ਨੂੰ ਜ਼ਿੰਦਗੀ ਦਾ ਰਾਹ ਦੱਸਣਾ ਸੁਰੂ ਕੀਤਾ । ਪੰਜਾਬੀ ਬੋਲੀ ,  ਸੱਭਿਆਚਾਰ , ਸਿੱਖੀ ਪਹਿਚਾਣ ਦੇ ਬਚਾ ਲਈ ਕਦਮ ਪੁੱਟੇ । ਜਿਨਾਂ ਵਿੱਚੋਂ ਪੰਜਾਬੀ ਸੂਬਾ ਲਹਿਰ ਨੇ ਜਨਮ ਲਿਆ । ਇਤਿਹਾਸ ਗਵਾਹ ਹੈ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਦੀਆਂ ਕਰੋਪੀਆਂ ਕਾਰਨ ਕਈ ਕੁਝ ਅਧੂਰਾ ਅਜੇ ਭੀ ਹੈ । ਪਰ ਜਜੱਦੋ-ਜਹਿਦ ਤੇ ਕੁਰਬਾਨੀਆਂ ਕਰਕੇ ਜੋ ਹਾਸਲ ਹੋਇਆ , ਉਸ ਨੂੰ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦਾ ਖ਼ਿੱਤਾ ਕਬੂਲ ਕਰਕੇ ਮਾਣ ਨਾਲ ਮੰਨ ਰਹੇ ਹਾਂ । ਅਕਾਲੀ ਸੱਤਾ ਵਿੱਚ ਆਉਣ , ਕਾਂਗਰਸੀ ਆਉਣ , ਭਾਵੇ ਕੋਈ ਹੋਰ , ਪਰ ਪੰਜਾਬ ਦੇ ਲੋਕ ਕਿਸੇ ਹੱਦ ਤੱਕ ਤਸੱਲੀ ਰੱਖਦੇ ਰਹੇ ਕਿ ਜਾਣੇ ਪਹਿਚਾਣੇ ਪੰਜਾਬੀ ਤੇ ਸਿੱਖ ਚਿਹਰੇ ਹੀ ਤਾਂ ਹੈਨ । ਪਰ ਜੋ ਆਮ ਪਾਰਟੀ ਨੇ ਭਗਵੰਤ ਮਾਨ ਦੇ ਚਿਹਰੇ ਦੀ ਚੀਫ ਮਨਿਸਟਰ ਦੇ ਚਿਹਰੇ ਪੱਖੋਂ ਘੁੰਡ ਚੁਕਾਈ ਕੀਤੀ ਹੈ , ਕੀ ਇਹ ਦਿੱਲੀ ਦੇ ਪੰਡਤ ਸ਼੍ਰੀ ਕੇਜਰੀਵਾਲ ਵੱਲੋਂ ਇਕ ਭੱਦਾ ਮਜ਼ਾਕ ਹੈ ? ਜਾਂ ਪੰਜਾਬ , ਸਿੱਖ ਧਰਮ ਅਤੇ ਸੱਭਿਆਚਾਰ ਤੇ ਇਕ ਮਖੌਲ ਮੰਨ ਲਈਏ ? ਕੀ ਸ੍ਰੀ ਮਾਨ ਜੀ ਜੋ ਹਮੇਸ਼ਾ ਆਪਣੇ ਨਾਮ ਵਿੱਚੋਂ “ਸਿੰਘ” ਨਾਮ ਨੂੰ ਨਹੀਂ ਮੰਨਦੇ , ਅਜਿਹਾ ਖੁਦ ਨੂੰ “ਸਿੰਘ” ਅਖਵਾਉਣਾ , ਜੇ ਉਹ ਖੁਦ ਦੀ ਹਾਨੀ ਸਮਜਦੇ ਹਨ , ਤਾਂ ਪੰਜਾਬ ਦੇ ਖ਼ਿੱਤੇ ਵਿੱਚ ਉਹ  ਅਜਿਹਾ ਸੀ . ਐਮ. ਦਾ ਚਿਹਰਾ ਕਿਉਂ ਤੇ ਕਿਵੇਂ ਕਬੂਲ ਹੋਵੇਗਾ ?ਅਸੀਂ ਅਜਿਹਾ ਕਬੂਲ ਕਰੀਏ ਭੀ ਕਿਉਂ ? ਵੈਸੇ ਵੀ ਅਸੀਂ ਕਿਸੇ ਹੋਰ ਸ਼ਰਾਬ ਦੀ ਭੱਠੀ ਵਿੱਚ ਵਾਧਾ ਕਿਉਂ ਕਰੀਏ ? ਸ਼੍ਰੀ ਕੇਜਰੀਵਾਲ ਜੀ ਤਾਂ ਇਹ ਵੀ ਕਹਿ ਚੁੱਕੇ ਹਨ ਕਿ ਜੇਕਰ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਬਣਦੀ ਹੈ , ਤਦ ਉਹ ਗਰਬਚਨੇ ਨਿਰੰਕਾਰੀ ਦੇ ਪੁੱਤਰ ਹਰਦੇਵ ਦਾ ਉੱਚਾ ਬੁੱਤ ਖੜਾ ਕਰਨਗੇ ਅਤੇ ਅਨੁਮਾਨ ਤੌਰ ਤੇ ਕਹਿ ਚੁੱਕੇ ਹਨ ਕਿ ਉਹ ਬੁੱਤ ਤੇ ਇਕ ਸੌ ਕਰੋੜ ਰੁਪਿਆ ਖਰਚ ਕਰਨਗੇ ? ਕੀ ਉਹ 1978 ਦੇ ਸਾਕੇ ਨੂੰ ਯਾਦ ਕਰਵਾ ਰਹੇ ਹਨ ਜਾਂ ਅਜਿਹੀ ਕਿਸੇ ਹੋਰ ਕਰੋਪੀ ਨੂੰ ਸਿੱਖਾਂ , ਪੰਜਾਬੀਆਂ ਦੇ ਸਿਰ ਫਿਰ ਕਿਸੇ ਆਫ਼ਤ ਦੇ ਰੂਪ ਵਿੱਚ ਮੜਨ ਦੇ ਇੱਛਕ ਹਨ । ਪੰਡਤ ਜੀ ਇਹ ਕੈਂਸੀ ਨੇਤਾਗਿਰੀ ਹੈ , ਜਾਂ ਪੰਜਾਬੀਆ ਦੇ ਮਾਣ ਸਨਮਾਨ , ਸੱਭਿਆਚਾਰ ਤੇ ਗਿਣੀ ਮਿਥੀ ਸਾਜ਼ਿਸ਼ ਦਾ ਆ ਰਿਹਾ ਹਮਲਾ ਹੈ । ਕੀ ਤੁਸੀਂ ਸਾਨੂੰ ਬੁੱਤ-ਪੂਜ ਸਮਝਦੇ ਹੋ , ਜਾਂ ਦੱਸਣਾ ਚਾਹੁੰਦੇ ਹੋ ? ਪੰਜਾਬ ਸਿਰਫ਼ ਇਨਸਾਨੀਅਤ ਦੀ ਗਵਾਹੀ ਭਰਦਾ ਹੈ , ਚੰਗੇ ਇਨਸਾਨ ਦੇ ਤੌਰ ਤੇ ਅੱਗੇ ਆਓ । ਇਹੀ ਕਾਰਨ ਹੈ ਕਿ ਇਕ ਚੰਗੇ ਇਨਸਾਨ ਦੀ ਹੀ ਅਸੀਂ ਪਛਾਣ ਕਰਦੇ ਹਾਂ । ਸਾਡਾ ਕਹਿਣਾ ਭੀ ਸਹੀ ਹੈ ਕਿ ਇਨਸਾਨ ਹੀ ਚੰਗਾ  ਹੈ ਅਤੇ ਉਸ ਦੇ ਵਖਰੇਪਨ ਦੀ ਹੋਂਦ ਤੇ ਅਸਲੀਅਤ ਭੀ ਇਹੀ ਹੈ । —- ਪਰਮਿੰਦਰ ਸਿੰਘ ਬਲ , ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ ।