ਐਮ. ਪੀ. ਵਰਿੰਦਰ ਸ਼ਰਮਾ ਨੇ ਬ੍ਰਿਟਿਸ਼ ਏਅਰਵੇਜ਼ ਤੇ ਹੀਥਰੋ ਦੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ

 

ਲੰਡਨ, ਜੁਲਾਈ 2020 - ( ਗਿਆਨੀ ਰਾਵਿਦਰਪਾਲ ਸਿੰਘ)- ਈਲਿੰਗ ਸਾਊਥਾਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਬ੍ਰਿਟਿਸ਼ ਏਅਰਵੇਜ਼ ਅਤੇ ਹੀਥਰੋ ਦੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਬ੍ਰਿਟਿਸ਼ ਏਅਰਵੇਜ਼ ਵਲੋਂ ਬਹੁਤ ਸਾਰੇ ਕਾਮਿਆਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਹੀਥਰੋ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਬਹੁਤ ਸਾਰੇ ਕਾਮਿਆਂ ਦੀਆਂ ਨੌਕਰੀਆਂ ਖ਼ਤਰੇ 'ਚ ਹਨ। ਉਨ੍ਹਾਂ ਸੰਸਦ ਮੈਂਬਰਾਂ ਵਲੋਂ ਨੌਕਰੀ ਬਚਾਓ ਮੁਹਿੰਮ ਦਾ ਹਿੱਸਾ ਬਣਦਿਆਂ ਸਰਕਾਰ ਨੂੰ ਕਿਹਾ ਹੈ ਕਿ ਇਸ ਸੰਕਟ ਮਈ ਸਮੇਂ 'ਚ ਹਵਾਈ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਹੋਰ ਯਤਨ ਕਰੇ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਹਵਾਬਾਜ਼ੀ ਕਾਰੋਬਾਰ ਰੁਕ ਗਿਆ ਹੈ। ਅਸੀਂ ਨੌਕਰੀਆਂ ਬਚਾਉਣ ਲਈ ਯੂਨੀਅਨਾਂ ਅਤੇ ਸੰਸਦ ਮੈਂਬਰਾਂ ਨਾਲ ਮਿਲ ਕੇ ਵੱਡੀ ਪੱਧਰ 'ਤੇ ਲੜਾਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਵਲੋਂ ਜਿਹੜੇ ਕਾਮਿਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਸਰਕਾਰ ਨੂੰ ਨੌਕਰੀਆਂ ਬਚਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।