ਮਹਿਲ ਕਲਾਂ ਦੇ ਇਕ ਨੌਜਵਾਨ ਚਿੱਟੇ ਵਾਲੀ ਲਾਈਨ' ਦੇ ਗਾਇਕ ਦੀ ਚਿੱਟੇ ਨਾਲ ਮੌਤ

ਮਹਿਲ ਕਲਾਂ/ਬਰਨਾਲਾ/ਮੋਗਾ,   ਜੂਨ 2020-(ਗੁਰਸੇਵਕ ਸਿੰਘ ਸੋਹੀ)-   

ਮਹਿਲ ਕਲਾਂ ਦੇ ਇਕ ਨੌਜਵਾਨ ਗਾਇਕ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਪਿਆਂ ਦਾ ਇਕਲੌਤਾ ਪੁੱਤਰ ਗਗਨਦੀਪ ਸਿੰਘ (26) ਪੁੱਤਰ ਸੁਖਦੇਵ ਸਿੰਘ ਬੀਤੀ ਸ਼ਾਮ ਘਰ ਆਇਆ। ਕੁਝ ਸਮੇਂ ਬਾਅਦ ਬੇਹੋਸ਼ ਹੋ ਕੇ ਡਿੱਗ ਪਿਆ। 6 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਬਾਂਹ 'ਚ ਲੱਗੀ ਸਿਰਿੰਜ ਵੀ ਖ਼ੁਦ ਕੱਢੀ।

ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ। ਉਸ ਵੱਲੋਂ ਨਾਮਵਰ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਗਾਇਆ ਗੀਤ 'ਜੀਜਾ ਜੀ' ਤੇ 'ਚਿੱਟੇ ਵਾਲੀ ਲਾਈਨ', 'ਚੱਕਵੀਂ ਮੰਡੀਰ' ਗੀਤ ਯੂ-ਟਿਊਬ 'ਤੇ ਕਾਫ਼ੀ ਹਿੱਟ ਹੋਏ ਹਨ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਹੁਣ ਤਕ ਇਕ ਕਰੋੜ ਰੁਪਏ ਤੋਂ ਉੱਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਤੇ ਗਾਇਕੀ ਦੇ ਚੱਕਰ 'ਚ ਲੱਖਾਂ ਰੁਪਿਆ ਖ਼ਰਾਬ ਕਰ ਚੁੱਕਾ ਸੀ। ਸੰਗੀਤਕ ਖੇਤਰ ਦੇ ਇਸ ਨੌਜਵਾਨ ਨੇ ਜਿੱਥੇ ਆਪਣੀ ਗਾਇਕੀ ਨਾਲ ਚਰਚਾ ਦੇ ਝੰਡੇ ਗੱਡੇ ਉਥੇ ਹੀ ਸੋਮਵਾਰ ਆਈ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੀ ਖ਼ਬਰ ਨੇ ਵੀ ਸੰਗੀਤ ਖੇਤਰ 'ਚ ਨਮੋਸ਼ੀ ਪੈਦਾ ਕੀਤੀ।