You are here

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ✍️. ਰਮੇਸ਼ ਕੁਮਾਰ ਜਾਨੂੰ

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ 
-------------------------
ਜੇ ਤੂੰ ਸਭ ਜਾਣਦਾ ਏਂ, ਮੈਨੂੰ ਚੁੱਪ ਬਹਿਣ ਦੇ 
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਜੁਲਮਾਂ ਦੀ ਹੱਦ ਕਰ,ਭਾਂਵੇਂ ਰੱਜ-ਰੱਜ ਕੇ 
     ਖੋਤੀ ਆਉਣੀ ਬੌਹੜ ਥੱਲੇ,ਜਾਉ ਕਿੱਥੇ ਭੱਜ ਕੇ ।
ਆਉਂਦੇ ਨੇ ਤਰੀਕੇ ਬੜੇ ਸਾਨੂੰ ਹੱਕ ਲੈਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਆਪਣੇ ਹੀ ਨੰਹੂ ਅੱਜ,ਤਨ ਜਾਣ ਛਿੱਲਦੇ 
     ਬਿਨਾਂ ਕੁਰਬਾਨੀਆਂ ਤੋਂ,ਹੱਕ ਕਿਉਂ ਨਾ ਮਿਲਦੇ ।
ਸਾਡੇ ਵਿੱਚ ਜਜ਼ਬੇ ਨੇ ਵਾਰ ਤੇਰਾ ਸਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਬਹਿ ਗਿਆ ਏਂ ਕਾਹਨੂੰ ਬੂਹੇ,ਅਕਲਾਂ ਦੇ ਭੇੜ ਕੇ 
     ਆਇਆ ਜੇ ਸੈਲਾਬ ਲੈਜੂ,ਸਭ ਕੁਝ ਰੇੜ ਕੇ ।
ਠੰਢੀਆਂ ਹਵਾਵਾਂ 'ਚੋਂ' ਤੂਫਾਨ ਉੱਠ ਲੈਣ ਦੇ
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਫੇਰ ਕੋਈ ਬਣ ਕੇ,ਭਗਤ ਸਿੰਘ ਉੱਠ ਜੇ
     ਜਾਕੇ ਅਸੈਂਬਲੀ 'ਚ' ਬੰਬ ਹੀ ਨਾ ਸੁੱਟ ਦੇ ।
ਧਿਆਨ ਲਾਕੇ ਬੈਠੇ ਹਾਂ ਧਿਆਨ ਵਿੱਚ ਰਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਚੜ੍ਹਦੀ ਕਲਾ ਦੇ ਵਿੱਚ,ਰਹਿਣ ਸਦਾ ਹੱਸਦੇ 
     ਗੁਰੂਆਂ ਦੇ ਬੇਟੇ ਨਾ,ਮੈਦਾਨ ਵਿੱਚੋਂ ਭੱਜਦੇ ।
ਆਖਦਾ ਏ ਬਾਗੀ ਜਿਹੜਾ ਬਾਗੀ ਉਹਨੂੰ ਕਹਿਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਅਸੀਂ ਸਾਰੇ ਇੱਕ ਜਰਾ,ਗੌਰ ਨਾਲ ਤੱਕ ਓਏ 
     'ਰਮੇਸ਼' ਅਤੇ 'ਜਾਨੂੰ' ਕਦੇ,ਹੋਣੇ ਨਇਓਂ ਵੱਖ ਓਏ ।
ਉੱਚੀਆਂ ਨਾ ਕਰ ਕੰਧਾਂ ਵੈਰਾਂ ਦੀਆਂ ਢਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
                             ਲੇਖਕ-ਰਮੇਸ਼ ਕੁਮਾਰ ਜਾਨੂੰ 
                           ਫੋਨ ਨੰ:-98153-20080