ਗੌਰਮਿੰਟ ਟੀਚਰਜ਼ ਯੂਨੀਅਨ ਨੇ ਰੈਲੀ ਕਰਨ ਉਪਰੰਤ ਹਲਕਾ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੂੰ ਦਿੱਤਾ ਮੰਗ ਪੱਤਰ 

ਸੂਬਾ ਪ੍ਰਧਾਨ ਚਾਹਲ ਖਿਲਾਫ ਜਾਰੀ ਕੀਤੀ ਝੂਠੀ ਚਾਰਜਸੀਟ ਰੱਦ ਕਰਨ ਅਤੇ ਹੋਰ ਅਧਿਆਪਕ ਮੰਗਾਂ ਦੇ ਹੱਲ ਲਈ ਸੰਘਰਸ ਕਰ ਰਹੇ ਨੇ ਅਧਿਆਪਕ

ਮਹਿਲ ਕਲਾਂ/ਬਰਨਾਲਾ- ਜੂਨ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਮੰਗਾਂ ਦੀ ਅਣਦੇਖੀ ਕਰਨ ਅਤੇ ਸਿੱਖਿਆ ਵਿਭਾਗ ਵੱਲੋਂ ਸੰਘਰਸ਼ਸੀਲ ਆਗੂਆਂ ਦੀ ਜੁਬਾਨਬੰਦੀ ਕਰਨ ਖਿਲਾਫ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਜਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਦੀ ਅਗਵਾਈ ਵਿੱਚ ਅੱਜ ਮਹਿਲ ਕਲਾਂ ਹਲਕੇ ਦੇ ਵਿਧਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਵਿੱਚ ਰੈਲੀ ਕਰਨ ਉਪਰੰਤ ਵਿਧਾਇਕ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਦੇਣ ਤੋਂ ਪਹਿਲਾ ਪਿੰਡ ਪੰਡੋਰੀ ਵਿੱਚ ਵਿਸ਼ਾਲ ਰੋਸ਼ ਮੁਜ਼ਾਹਰਾ ਕੀਤਾ ਗਿਆ ਅਤੇ ਮੰਗਾਂ ਨੂੰ ਅਣਡਿੱਠ ਕਰਨ ਦੇ ਰੌਸ ਵਜੌਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।ਇਸ ਰੈਲੀ ਨੂੰ ਸ਼ੰਬੋਧਨ ਕਰਦਿਆ ਜਥੇਬੰਦੀ ਦੇ ਬਲਾਕ ਮਹਿਲਕਲਾਂ ਦੇ ਪ੍ਰਧਾਨ ਅਮਰੀਕ ਸਿੰਘ ਭੱਦਲਵੱਡ ਅਤੇ ਬਰਨਾਲਾ ਬਲਾਕ ਦੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਨੇ ਸਰਕਾਰ ਤੇ ਦੋਸ਼ ਲਾਇਆ ਕਿ ਪਟਿਆਲਾ ਸੰਘਰਸ਼ ਮੌਕੇ ਸਰਕਾਰ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਚਾਰ ਮੰਤਰੀਆਂ ਦੀ ਕਮੇਟੀ 90 ਦਿਨਾਂ ਦੇ ਵਿੱਚ ਅਧਿਆਪਕ ਮਸਲੇ ਹੱਲ ਕਰਨ ਸਬੰਧੀ ਨੀਤੀ ਤਿਆਰ ਕਰੇਗੀ।ਪਰ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਨੂੰ ਵਫਾ ਕਰਨ ਦੀ ਬਜਾਇ ਸਿੱਖਿਆ ਵਿਭਾਗ ਨੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਵਿਭਾਗੀ ਪੜਤਾਲ ਦੇ ਨਾਂ ਹੇਠ ਦੋਸ਼ ਸੂਚੀ ਜਾਰੀ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਜਥੇਬੰਦੀ ਅਨੁਸਾਰ ਸੂਬਾ ਪ੍ਰਧਾਨ ਨੂੰ ਚਾਰਜਸ਼ੀਟ ਕਰਨਾ ਲੋਕਤੰਤਰੀ ਕਦਰਾ ਦਾ ਘਾਣ ਕਰਨਾ ਅਤੇ ਸੰਘਰਸ਼ੀ ਲੋਕਾਂ ਦੀ ਜੁਬਾਨਬੰਦੀ ਕਰਨਾ ਹੈ। ਇਸ ਰੈਲੀ ਵਿੱਚ ਭਰਾਤਰੀ ਜਥੇਬੰਦੀ ਵਜੋਂ ਪਹੁੰਚੇ ਬੀ.ਐਡ. ਅਧਿਆਪਕ ਫਰੰਟ ਦੇ ਜਿਲ੍ਹਾ ਆਗੂ ਦਲਜਿੰਦਰ ਸਿੰਘ ਪੰਡੋਰੀ ਅਤੇ ਬਲਾਕ ਪ੍ਰਧਾਨ ਜਗਜੀਤ ਸਿੰਘ ਛਾਪਾ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹਿਟਲਰਸ਼ਾਹੀ ਅਤੇ ਅੜੀਅਲ ਵਤੀਰੇ ਕਾਰਣ ਪੰਜਾਬ ਵਿੱਚ ਸਿੱਖਿਆ ਦਾ ਮਾਹੌਲ ਬੁਰੀ ਤਰਾਂ ਡਗਮਗਾ ਗਿਆ ਹੈ ਅਤੇ ਲੋਕ ਹਿੱਤਾ ਤੇ ਪਹਿਰਾ ਦੇਣ ਵਾਲੇ ਆਗੂਆਂ ਖਿਲਾਫ ਕਿਸੇ ਵੀ ਸਾਜ਼ਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਜਿਲ੍ਹਾ ਆਗੂ ਬਲਵਿੰਦਰ ਸਿੰਘ ਧਨੇਰ ਅਤੇ ਫੈਡਰੇਸਨ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਸੁਖਵਿੰਦਰ ਸਿੰਘ ਚਹਿਲ ਪੰਜਾਬ ਦੇ ਮੁਲਾਜ਼ਮਾਂ ਦਾ ਸਰਵ ਪ੍ਰਵਾਨਿਤ ਆਗੂ ਹੈ ਜਿਸ ਤੇ ਜੇਕਰ ਸਰਕਾਰ ਵੱਲੋਂ ਕਿਸੇ ਵੀ ਕਿਸਮ ਦਾ ਵਾਰ ਕੀਤਾ ਗਿਆ ਤਾਂ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਸੜਕਾਂ ਤੇ ਆ ਜਾਵੇਗਾ ਜਿਸਨੂੰ ਸਾਂਭਣਾ ਸਮੇਂ ਦੀਆਂ ਸਰਕਾਰਾਂ ਲਈ ਮੁਸਕਿਲ ਹੋ ਜਾਵੇਗਾ।

                       ਜਥੇਬੰਦੀ ਇਸ ਤੋਂ ਪਹਿਲਾਂ ਅਧਿਆਪਕ ਮੰਗਾਂ ਪ੍ਰਤੀ ਸਰਕਾਰ ਦਾ ਧਿਆਨ ਖਿੱਚਣ ਲਈ  ਪੰਜਾਬ ਦੇ ਸਾਰੇ ਜਿਲ੍ਹਾ ਕੇਂਦਰਾਂ ਤੇ ਐਕਸ਼ਨ ਕਰਕੇ 8 ਜੂਨ ਨੂੰ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਸਿੱਖਿਆ ਅਫਸਰਾਂ ਰਾਹੀ ਰੋਸ ਪੱਤਰ ਭੇਜ ਚੁੱਕੀ ਹੈ। ਪਰ ਸਰਕਾਰ ਵੱਲੋਂ ਅਧਿਆਪਕ ਮੰਗਾਂ ਪ੍ਰਤੀ ਮੁਕੰਮਲ ਚੁੱਪ ਵੱਟੀ ਹੋਈ ਹੈ। ਜਿਸ ਕਰਨ ਅਧਿਆਪਕ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਮੰਗ ਪੱਤਰ ਲੈਣ ਵੇਲੇ ਹਲਕਾ ਵਿਧਾਇਕ ਮਹਿਲ ਕਲਾਂ ਸ਼੍ਰੀ ਕੁਲਵੰਤ ਸਿੰਘ ਪੰਡੋਰੀ ਵੱਲੋਂ ਅਧਿਆਪਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਰੀਆਂ ਮੰਗਾਂ ਪ੍ਰਤੀ ਸਰਕਾਰ ਨਾਲ ਗੱਲ ਕੀਤੀ ਜਾਵੇਗੀ ਅਤੇ ਮੰਗਾਂ ਨੂੰ ਵਿਧਾਨ ਸਭਾ ਵਿੱਚ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕ ਮੰਗਾਂ ਪ੍ਰਤੀ ਚੁੱਪੀ ਨਾ ਤੋੜੀ ਤਾਂ 30 ਜੂਨ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ ਕੁਮਾਰ ਸਹਿਜੜਾ, ਰਮਨਦੀਪ ਸਿੰਘ, ਗੁਰਗੀਤ ਸਿੰਘ ਠੀਕਰੀਵਾਲਾ, ਸੁਰਜੀਤ ਅਰਮਾਨ, ਕੁਸ਼ਲ ਸਿੰਘੀ, ਵਰਿੰਦਰ ਕੁਮਾਰ ਜਿੰਦਲ,ਜਤਿੰਦਰ ਸਿੰਘ ਮੂੰਮ, ਗੁਰਤੇਜ ਖਿਆਲੀ, ਕਾਲਾ ਸਿੰਘ, ਮਨਦੀਪ ਕੁਮਾਰ ਸੰਘੇੜਾ,ਜਸਵੀਰ ਸਿੰਘ ਵਜੀਦਕੇ, ਬਲਵਿੰਦਰ ਸਿੰਘ ਚੰਨਣਵਾਲ, ਕਮਲ ਖਿਆਲੀ ਆਦਿ ਮੌਜੂਦ ਸਨ।