ਕਰੋਨਾ ਟੀਕਾ ਤੋਂ ਭਾਰਤ ਸਣੇ ਵਿਕਾਸਸ਼ੀਲ ਮੁਲਕ ਰਹਿ ਸਕਦੇ ਨੇ ਵਾਂਝੇ

ਅਮੀਰ ਮੁਲਕ ਵੱਲੋਂ ਬੁਕਿੰਗ

ਮਾਨਚੈਸਟਰ, ਜੂਨ 2020 -(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ)-

ਕਰੋਨਾਵਾਇਰਸ ਦਾ ਟੀਕਾ ਤਿਆਰ ਕਰਨ ਲਈ ਚੱਲ ਰਹੇ ਮੁਕਾਬਲੇ ਕਾਰਨ ਅਮੀਰ ਦੇਸ਼ ਪਹਿਲਾਂ ਹੀ ਇਨ੍ਹਾਂ ਟੀਕਿਆਂ ਦਾ ਆਰਡਰ ਦੇ ਕੇ ਇਨ੍ਹਾਂ ਨੂੰ ਬੁੱਕ ਕਰ ਰਹੇ ਹਨ ਅਤੇ ਅਜਿਹੀ ਸਥਿਤੀ ਵਿੱਚ ਗਰੀਬ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਇਹ ਟੀਕੇ ਮਿਲਣਗੇ ਜਾਂ ਨਹੀਂ ਇਹ ਇਕ ਵੱਡਾ ਸਵਾਲ ਹੈ। ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ, ਰੈੱਡ ਕਰਾਸ ਅਤੇ ਰੈਡ ਕ੍ਰੇਸੈਂਟ ਅਤੇ ਹੋਰ ਸੰਗਠਨਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਨੈਤਿਕ ਤੌਰ ’ਤੇ ਲਾਜ਼ਮੀ ਹੈ ਕਿ ਟੀਕਾ ਸਾਰਿਆਂ ਤੱਕ ਪਹੁੰਚੇ ਪਰ ਬਿਨਾਂ ਕਿਸੇ ਵਿਸਤ੍ਰਿਤ ਰਣਨੀਤੀ ਤੋਂ ਟੀਕਿਆਂ ਦੀ ਸਹੀ ਵੰਡ ਸੰਭਵ ਨਹੀਂ ਹੈ। ਜਨੇਵਾ ਦੇ ਮੈਡੀਸਨਸ ਸੈਂਸ ਫਰੰਟੀਅਰਜ਼ ਦੇ ਸੀਨੀਅਰ ਕਾਨੂੰਨੀ ਅਤੇ ਨੀਤੀ ਸਲਾਹਕਾਰ ਯੂਆਨ ਕਯਾਂਗ ਹੂ ਨੇ ਕਿਹਾ, “ਸਾਰਿਆਂ ਕੋਲ ਟੀਕਾ ਪੁੱਜ ਰਿਹਾ ਹੈ ਇਸ ਦਾ ਖੂਬਸੂਰਤ ਖਾਕਾ ਤਿਆਰ ਹੈ ਪਰ ਇਸ ਬਾਰੇ ਕੋਈ ਰਣਨੀਤੀ ਨਹੀਂ ਹੈ ਕਿ ਇਹ ਕਿਵੇਂ ਹੋਏਗਾ।”ਇਸ ਮਹੀਨੇ ਦੇ ਸ਼ੁਰੂ ਵਿਚ ਟੀਕਾ ਸੰਮੇਲਨ ਵਿਚ ਘਾਨਾ ਦੇ ਰਾਸ਼ਟਰਪਤੀ ਨਾਨਾ ਅਕੂਫੋ-ਐਡੋ ਨੇ ਕਿਹਾ ਸੀ, "ਕੋਵਿਡ-19 ਦੇ ਵਿਸ਼ਵਵਿਆਪੀ ਪ੍ਰਸਾਰ ਨੇ ਸਾਨੂੰ ਦੱਸਿਆ ਹੈ ਕਿ ਬਿਮਾਰੀਆਂ ਸਰਹੱਦਾਂ ਤੱਕ ਨਹੀਂ ਅਤੇ ਕੋਈ ਵੀ ਦੇਸ਼ ਇਕੱਲੇ ਉਨ੍ਹਾਂ ਨਾਲ ਨਜਿੱਠ ਨਹੀਂ ਸਕਦਾ। ਸਿਰਫ ਟੀਕੇ ਹੀ ਮਨੁੱਖਾਂ ਨੂੰ ਇਸ ਵਾਇਰਸ ਤੋਂ ਬਚਾ ਸਕਦੇ ਹਨ।”ਕਰੋਨਾ ਖਾਤਮਾ ਟੀਕੇ ਬਣਾਉਣ ਲਈ ਵਿਸ਼ਵਵਿਆਪੀ ਕੋਸ਼ਿਸ਼ਾਂ ਜਾਰੀ ਹਨ ਪਰ ਅਗਲੇ ਸਾਲ ਤੋਂ ਪਹਿਲਾਂ ਕਿਸੇ ਨੂੰ ਲਾਇਸੈਂਸ ਮਿਲਣ ਦੀ ਉਮੀਦ ਨਹੀਂ ਹੈ। ਫਿਰ ਵੀ ਬਹੁਤ ਸਾਰੇ ਅਮੀਰ ਦੇਸ਼ਾਂ ਨੇ ਇਸ ਦੇ ਆਉਣ ਤੋਂ ਪਹਿਲਾਂ ਹੀ ਇ ਸਦੇ ਲਈ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਹਨ। ਬਰਤਾਨੀਆ ਅਤੇ ਅਮਰੀਕਾ ਨੇ ਇਸ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਬਦਲੇ ਵਿੱਚ ਦੋਵੇਂ ਦੇਸ਼ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ। ਇੱਥੋਂ ਤੱਕ ਕਿ ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਟੀਕੇ ਦੀ ਮਨਜੂਰੀ ਮਿਲਣ ’ਤੇ ਇਸ ਦੀਆਂ ਪਹਿਲੀਆਂ 3 ਕਰੋੜ ਖੁਰਾਕਾਂ ਉਸ ਨੂੰ ਦਿੱਤੀਆਂ ਜਾਣਗੀਆਂ। ਕੰਪਨੀ 'ਐਸਟਰਾਜ਼ੇਨੇਕਾ' ਨੇ ਵੀ ਅਮਰੀਕਾ ਲਈ ਘੱਟੋ ਘੱਟ 3 ਕਰੋੜ ਖੁਰਾਕਾਂ ਦਾ ਇਕਰਾਰਨਾਮਾ ਕੀਤਾ ਹੈ।