ਓਟਾਵਾ/ਕੈਨੇਡਾ , ਜੂਨ 2020 -(ਏਜੰਸੀ)-
ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਅਤੇ ਪੰਜਾਬ ਮੂਲ ਦੇ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਸਾਥੀ ਸੰਸਦ ਮੈਂਬਰ ਨੂੰ ਨਸਲਵਾਦੀ ਆਖਣ ਤੇ ਮਗਰੋਂ ਮੁਆਫੀ ਮੰਗਣ ਤੇ ਆਪਣੀ ਟਿੱਪਣੀ ਵਾਪਸ ਲੈਣ ਤੋਂ ਇਨਕਾਰ ਕਰਨ ਕਾਰਨ ਸੰਸਦ ਵਿਚੋਂ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ।
ਸੀਬੀਸੀ ਦੀ ਖ਼ਬਰ ਅਨੁਸਾਰ ਜਗਮੀਤ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸਥਾਨਕ ਨਸਲਵਾਦ ਖਿਲਾਫ ਮਤੇ ਦਾ ਸੰਸਦ ਮੈਂਬਰ ਥੇਰੀਅਨ ਵੱਲੋਂ ਸਮਰਥਨ ਕਰਨ ਤੋਂ ਇਨਕਾਰ ਕਰਨ ’ਤੇ ਉਸ ਨੂੰ ‘ਨਸਲਵਾਦੀ’ ਆਖਿਆ ਸੀ ਜਿਸ ਤੋਂ ਬਾਅਦ ਸਪੀਕਰ ਐਂਥਨੀ ਰੋਟਾ ਨੇ ਜਗਮੀਤ ਨੂੰ ਇਕ ਦਿਨ ਲਈ ਸੰਸਦ ਵਿਚੋਂ ਮੁਅੱਤਲ ਕਰ ਦਿੱਤਾ। ਬੁੱਧਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜਗਮੀਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਨਸਲਵਾਦ ਸਬੰਧੀ ਆਪਣੀ ਗੱਲ ’ਤੇ ਸਥਿਰ ਹਾਂ। ਮੈਨੂੰ ਨਹੀਂ ਜਾਪਦਾ ਕਿ ਅਜਿਹੇ ਲੋਕਾਂ ਦੇ ਨਾਂ ਦੱਸਣ ਨਾਲ ਮੈਨੂੰ ਕੋਈ ਲਾਭ ਹੋਵੇਗਾ। ਮੈਂ ਉਦੋਂ ਨਾਰਾਜ਼ ਸੀ ਅਤੇ ਮੈਂ ਹੁਣ ਵੀ ਆਪਣੀ ਗੱਲ ’ਤੇ ਕਾਇਮ ਹਾਂ।’’