ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ 'ਚ ਸ਼ੁੱਕਰਵਾਰ ਨੂੰ ਇਕ ਹੀ ਦਿਨ 'ਚ ਸਭ ਤੋਂ ਜ਼ਿਆਦਾ 9 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਅੰਮ੍ਰਿਤਸਰ 'ਚ ਚਾਰ, ਜਦਕਿ ਕਪੂਰਥਲਾ, ਸੰਗਰੂਰ, ਪਟਿਆਲਾ, ਬਰਨਾਲਾ ਤੇ ਮੋਗਾ 'ਚ ਇਕ-ਇਕ ਵਿਅਕਤੀ ਦੀ ਜਾਨ ਚਲੀ ਗਈ। ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 95 ਹੋ ਗਈ ਹੈ। ਅੰਮ੍ਰਿਤਸਰ 'ਚ ਮ੍ਰਿਤਕਾਂ ਦੀ ਗਿਣਤੀ 32 ਤਕ ਪੁੱਜ ਗਈ ਹੈ। ਸ਼ੁੱਕਰਵਾਰ ਨੂੰ 107 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਰਹਿਣ ਵਾਲੇ ਬਜ਼ੁਰਗ ਨੂੰ ਸਾਹ 'ਚ ਤਕਲੀਫ਼ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਕਟੜਾ ਖ਼ਜ਼ਾਨਾ ਦੇ 68 ਸਾਲਾ, ਉੱਤਮ ਨਗਰ ਦੀ 53 ਸਾਲਾ ਔਰਤ ਤੇ ਗਲੀ ਸੂਰਜ ਵਾਲੀ ਗੁਜਰਾਤੀ ਬਸਤੀ ਦੇ 64 ਸਾਲਾ ਬਜ਼ੁਰਗ ਦੀ ਵੀ ਮੌਤ ਹੋ ਗਈ।
ਉੱਥੇ, ਸੰਗਰੂਰ 'ਚ ਮ੍ਰਿਤਕਾਂ ਦਾ ਅੰਕੜਾ 6 ਤਕ ਪੁੱਜ ਗਿਆ ਹੈ। ਲੁਧਿਆਣਾ 'ਚ ਦਾਖ਼ਲ ਮਾਲੇਰਕੋਟਲਾ ਦੀ 75 ਸਾਲਾ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਉਹ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ। ਮੋਗਾ 'ਚ ਕੋਰੋਨਾ ਦੇ ਪਹਿਲੇ ਮਰੀਜ਼ ਦੀ ਮੌਤ ਹੋਈ ਹੈ। ਇੱਥੋਂ ਦੇ ਹੰਡਿਆਇਆ ਬਾਜ਼ਾਰ ਵਾਸੀ 55 ਸਾਲਾ ਵਿਅਕਤੀ ਦਾ ਲੀਵਰ ਖ਼ਰਾਬ ਹੋ ਗਿਆ ਸੀ, ਕੈਂਸਰ ਕਾਰਨ ਉਸ ਨੂੰ ਕਾਲਾ ਪੀਲੀਆ ਵੀ ਸੀ। ਬਰਨਾਲਾ 'ਚ ਵੀ ਕੁਲਾਰ ਨਗਰ ਵਾਸੀ 33 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜ਼ਿਲ੍ਹੇ 'ਚ ਇਹ ਦੂਜੀ ਮੌਤ ਹੈ। ਪਟਿਆਲਾ 'ਚ ਯਾਦਵਿੰਦਰ ਕਾਲੋਨੀ 'ਚ 60 ਸਾਲਾ ਵਿਅਕਤੀ ਨੇ ਵੀ ਦਮ ਤੋੜ ਦਿੱਤਾ। ਉਹ ਥਾਇਰਾਈਡ ਤੇ ਸ਼ੂਗਰ ਦਾ ਮਰੀਜ਼ ਸੀ।
ਪਿਛਲੇ 24 ਘੰਟਿਆਂ ਦੌਰਾਨ ਕਿਥੇ ਕਿ ਵਾਪਰਿਆ
ਜਲੰਧਰ ਵਿੱਚ 79, ਅੰਮ੍ਰਿਤਸਰ ਵਿੱਚ 35, ਲੁਧਿਆਣਾ ਵਿੱਚ 19, ਸੰਗਰੂਰ ਵਿੱਚ 18, ਮੁਹਾਲੀ ਵਿੱਚ 11, ਪਟਿਆਲਾ ਤੇ ਪਠਾਨਕੋਟ ਵਿੱਚ 8, ਕਪੂਰਥਲਾ ਵਿੱਚ 7, ਮੁਕਤਸਰ ਵਿੱਚ 6, ਫਰੀਦਕੋਟ ਤੇ ਹੁਸ਼ਿਆਰਪੁਰ ਵਿੱਚ 5-5, ਬਰਨਾਲਾ ਬਠਿੰਡਾ ਤੇ ਫਿਰੋਜ਼ਪੁਰ ਵਿੱਚ 3-3, ਫਤਿਹਗੜ੍ਹ ਸਹਿਬ ਅਤੇ ਤਰਨ ਤਾਰਨ 2-2 ਜਦਕਿ ਗੁਰਦਾਸਪੁਰ, ਰੋਪੜ ਅਤੇ ਫਾਜ਼ਿਲਕਾ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ 11 ਜ਼ਿਲ੍ਹੇ ਜਿੱਥੇ ਸਭ ਤੋਂ ਜ਼ਿਆਦਾ ਮਾਮਲੇ ਹਨ ਉਨ੍ਹਾਂ ’ਚੋਂ ਅੰਮ੍ਰਿਤਸਰ ’ਚ 733, ਲੁਧਿਆਣਾ ਤੇ ਜਲੰਧਰ ਵਿੱਚ ਬਰਾਬਰ 489, ਮੁਹਾਲੀ ’ਚ 202, ਪਟਿਆਲਾ 199, ਸੰਗਰੂਰ ’ਚ 190, ਤਰਨ ਤਾਰਨ ’ਚ 178, ਗੁਰਦਾਸਪੁਰ ’ਚ 176, ਪਠਾਨਕੋਟ ’ਚ 165, ਹੁਸ਼ਿਆਰਪੁਰ ’ਚ 155, ਨਵਾਂਸ਼ਹਿਰ ’ਚ 121 ਮਾਮਲੇ ਹਨ। ਬਾਕੀ ਜ਼ਿਲ੍ਹਿਆਂ ਵਿੱਚ ਮਾਮਲੇ 100 ਤੋਂ ਥੱਲੇ ਹਨ। ਅੰਮ੍ਰਿਤਸਰ ’ਚ ਹੁਣ ਤੱਕ 27, ਲੁਧਿਆਣਾ ’ਚ 13 ਅਤੇ ਜਲੰਧਰ ’ਚ 14 ਵਿਅਕਤੀ ਕਰੋਨਾ ਮੂਹਰੇ ਜ਼ਿੰਦਗੀ ਹਾਰ ਚੁੱਕੇ ਹਨ।