8 ਜੂਨ ਤੋਂ ਯੂ. ਕੇ. ਆਉਣ ਵਾਲੇ ਹਰ ਯਾਤਰੀ ਨੂੰ 14 ਦਿਨ ਇਕਾਂਤਵਾਸ ਜ਼ਰੂਰੀ – ਪ੍ਰੀਤੀ ਪਟੇਲ

ਲੰਡਨ, ਜੂਨ 2020 -( ਰਾਜੀਵ ਸਮਰਾ/ਗਿਆਨੀ ਰਾਵਿਦਾਰਪਾਲ ਸਿੰਘ)-

ਯੂ. ਕੇ. ਵਿਚ ਵਿਦੇਸ਼ ਤੋਂ ਆਉਣ ਵਾਲੇ ਹਰ ਯਾਤਰੀ ਨੂੰ 14 ਦਿਨ ਲਈ ਇਕਾਂਤਵਾਸ 'ਚ ਰਹਿਣਾ ਲਾਜ਼ਮੀ ਹੋਵੇਗਾ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 1000 ਪੌਡ ਜੁਰਮਾਨਾ ਹੋਵੇਗਾ । ਇਸ ਨਿਯਮ ਦੀ ਪੁਸ਼ਟੀ ਅੱਜ ਬਰਤਾਨੀਆਂ ਦੀ ਸੰਸਦ 'ਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੀਤੀ ਹੈ, ਜਦ ਕਿ ਬਾਅਦ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰਧਾਨ ਬੌਰਿਸ ਜੌਹਨਸਨ ਨੇ ਵੀ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਪ੍ਰੀਤੀ ਪਟੇਲ ਨੇ ਕਿਹਾ ਕਿ ਯਾਤਰੀਆਂ ਨੂੰ ਆਪਣਾ ਸੰਪਰਕ ਨੰਬਰ, ਪਤਾ ਆਦਿ ਬਾਰੇ ਪੂਰੀ ਜਾਣਕਾਰੀ ਫਾਰਮ ਭਰ ਕੇ ਦੇਣੀ ਹੋਵੇਗੀ । ਯੂ. ਕੇ. ਬਾਰਡਰ ਫੋਰਸ ਵਲੋਂ ਇਸ ਦੀ ਨਿਗਰਾਨੀ ਕੀਤੀ ਜਾਵੇਗੀ । ਯੂ. ਕੇ. 'ਚ ਹੁਣ ਤੱਕ ਸਿਰਫ 273 ਲੋਕਾਂ ਨੂੰ ਹੀ ਇਕਾਂਤਵਾਸ 'ਚ ਰੱਖਿਆ ਗਿਆ ਸੀ, ਜਦ ਕਿ 18 ਮਿਲੀਅਨ ਲੋਕ ਮਹਾਂਮਾਰੀ ਦੌਰਾਨ ਯੂ. ਕੇ. 'ਚ ਦਾਖ਼ਲ ਹੋਏ ਹਨ । ਜਿਨ੍ਹਾਂ 'ਚ ਯਾਤਰੀ ਚੀਨ, ਇਟਲੀ ਅਤੇ ਹੋਰ ਅਜਿਹੀਆਂ ਥਾਵਾਂ ਤੋਂ ਆਏ ਜਿੱਥੇ ਕੋਰੋਨਾ ਦਾ ਜ਼ਿਆਦਾ ਪ੍ਰਭਾਵ ਰਿਹਾ ਹੈ ।