ਔਰਤ ਦੀ 66 ਕਿੱਲੋਬਾਟ ਦੀ ਬਿਜਲੀ ਲਾਈਨ ਤੋਂ ਕਰੰਟ ਲੱਗਣ ਨਾਲ ਮੌਤ   

ਜਗਰਾਓਂ / ਲੁਧਿਆਣਾ, ਜੂਨ 2020-(ਵਿਕਾਸ ਸਿੰਘ ਮਠਾੜੂ / ਮਨਜਿੰਦਰ ਗਿੱਲ )-

ਬੀਤੇ ਦਿਨੀਂ ਗੁਰਪਿੰਦਰ ਕੌਰ ਨਾਮ ਦੀ ਔਰਤ ਦੀ 66 ਕਿੱਲੋਬਾਟ ਦੀ ਬਿਜਲੀ ਲਾਈਨ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਗਰਾਓਂ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਇਸ ਔਰਤ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਪਰ ਬੀਤੀ ਰਾਤ ਉਸ ਔਰਤ ਦੀ ਮੌਤ ਹੋ ਗਈ। ਗੁਰਪਿੰਦਰ ਕੌਰ ਦੀ ਮੌਤ ਨੇ ਸਰਕਾਰੀ ਮਹਿਕਮਿਆਂ ਦੀ ਕਾਰ ਗੁਜ਼ਾਰੀ ਤੇ ਇਕ ਵਾਰ ਫੇਰ ਸਵਾਲੀਆ ਚਿੰਨ੍ਹ ਲੱਗਾ ਦਿੱਤਾ ਹੈ। ਮੁਹੱਲੇ ਵਾਲਿਆ ਅਨੁਸਾਰ ਇਸ ਖਤਰਨਾਕ ਬਿਜਲੀ ਲਾਈਨ ਦੇ ਬਿਲਕੁਲ ਥੱਲੇ ਉਸਾਰੀ ਸਰਕਾਰੀ ਮਹਿਕਮਿਆਂ ਦੀ ਮਿਲੀ ਭੁਗਤ ਹੈ। ਕਮੇਟੀ ਵਲੋਂ ਇਸ ਮਕਾਨ ਦਾ ਨਕਸ਼ਾ ਕਿਵੇਂ ਪਾਸ ਕੀਤਾ ਗਿਆ ? ਜਸਵਿੰਦਰ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਅਦਾਰੇ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਜਗ੍ਹਾ ਤੇ ਕਰੰਟ ਲੱਗਣ ਨਾਲ ਦੂਸਰੀ ਮੌਤ ਹੋਈ ਹੈ। ਇਸ ਵਾਰ ਹੋਈ ਗੁਰਪਿੰਦਰ ਕੌਰ ਦੀ ਮੌਤ ਦਾ ਦ੍ਰਿਸ਼ ਮੁਹੱਲਾ ਨਿਵਾਸੀ ਚਾਹੁੰਦੇ ਹੋਏ ਵੀ ਨਹੀਂ ਭੁਲਾ ਸਕਦੇ। ਮਨਜ਼ਰ ਇੰਨਾ ਭਿਆਨਕ ਸੀ ਕਿ ਜਿਸ ਨੇ ਵੀ ਉਹ ਦ੍ਰਿਸ਼ ਦੇਖਿਆ ਉਹ ਹੁਣ ਤੱਕ ਸਦਮੇ ਵਿੱਚ ਹੈ। ਕੁੱਝ ਮੁਹੱਲੇ ਨਿਵਾਸੀਆਂ ਨੇ ਮਕਾਨ ਮਾਲਕ ਨੂੰ ਦੋਸ਼ੀ ਦੱਸਿਆ ਤੇ ਕੁੱਝ ਨੇ ਸਰਕਾਰੀ ਮਹਿਕਮਿਆਂ ਨੂੰ ।
ਮੁਹੱਲੇ ਵਾਲਿਆ ਵਲੋਂ ਪ੍ਰਸ਼ਾਸ਼ਨ ਨੂੰ ਇਹ ਕਾਤਲ ਮਕਾਨ ਢਾਉਣ ਦੀ ਮੰਗ ਵੀ ਕੀਤੀ ਗਈ।ਅਜਿਹੀਆਂ ਦਰਦਨਾਕ ਘਟਨਾਵਾਂ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਹੁਣ ਭਾਰਤ ਦੇਸ਼ ਵਿੱਚ ਇਨਸਾਨੀ ਕਦਰਾਂ ਕੀਮਤਾਂ ਨਹੀਂ ਰਹੀਆਂ। ਅਤੇ ਨਾ ਹੀ ਕਿਸੇ ਨੂੰ ਆਪਣੀਆਂ ਗਲਤੀਆਂ ਕਾਰਨ ਹੋਈ ਬੇਕਸੂਰਾਂ ਦੀ ਮੌਤ ਦਾ ਕੋਈਂ ਦੁੱਖ ਹੈ।