ਜਗਰਾਓਂ ਪੁਲਿਸ ਨੇ 4 ਸਾਲ ਪੁਰਾਣਾ ਕਤਲ ਦਾ ਮਾਮਲਾ ਸੁਲਜਾਇਆ

ਮੋਹੀ ਪਿੰਡ ਦੇ ਅਧਿਆਪਕ ਹਰਬੰਸ ਸਿੰਘ ਦਾ 4 ਸਾਲ ਪਹਿਲਾਂ ਹੋਇਆ ਸੀ ਕਤਲ

ਜਗਰਾਓ/ਲੁਧਿਆਣਾ, ਜੂਨ 2020 -( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਪੁਲੀਸ ਨੇ ਥਾਣਾ ਜੋਧਾਂ ’ਚ ਦਰਜ ਪਿੰਡ ਮੋਹੀ ਦੇ ਸੇਵਾਮੁਕਤ ਅਧਿਆਪਕ ਦੇ ਚਾਰ ਸਾਲ ਪੁਰਾਣੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਅਤੇ ਇਸ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਸੀਨੀਅਰ ਪੁਲੀਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਥਾਣਾ ਜੋਧਾਂ ਦੇ ਪਿੰਡ ਮੋਹੀ ’ਚ ਸੇਵਾਮੁਕਤ ਅਧਿਆਪਕ ਹਰਬੰਸ ਸਿੰਘ (78) ਪਤਨੀ ਦੀ ਮੌਤ ਹੋਣ ਉਪਰੰਤ ਇਕੱਲਾ ਰਹਿੰਦਾ ਸੀ ਅਤੇ ਲੋਕਾਂ ਨੂੰ ਵਿਆਜ ’ਤੇ ਪੈਸੇ ਦੇਣ ਦਾ ਕੰਮ ਕਰਦਾ ਸੀ। ਅਚਾਨਕ 11 ਅਪਰੈਲ, 2016 ਦੀ ਰਾਤ ਨੂੰ ਹਰਬੰਸ ਸਿੰਘ ਦਾ ਅਣਪਛਾਤੇ ਲੁਟੇਰਿਆਂ ਨੇ ਕਤਲ ਕਰ ਦਿੱਤਾ ਤੇ ਪੁਲੀਸ ਨੇ ਕੇਸ ਦਰਜ ਕਰ ਲਿਆ। ਚਾਰ ਸਾਲਾਂ ਦੌਰਾਨ ਕਤਲ ਸਬੰਧੀ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ। ਕੁੱਝ ਦਿਨ ਪਹਿਲਾਂ ਇਸ ਕੇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਇਹ ਮਾਮਲਾ ਹੱਲ ਕਰਨ ਲਈ ਜਾਂਚ ਥਾਣਾ ਦਾਖਾ ਦੇ ਇੰਸਸਪੈਕਟਰ ਪ੍ਰੇਮ ਸਿੰਘ ਨੂੰ ਸੌਂਪੀ।

ਮਾਸਟਰ ਹਰਬੰਸ ਸਿੰਘ ਦੇ ਕਤਲ ਸਬੰਧੀ ਜਦੋਂ ਪਰਤਾਂ ਖੁੱਲ੍ਹੀਆਂ ਤਾਂ ਪਤਾ ਲੱਗਿਆ ਕਿ ਮ੍ਰਿਤਕ ਨੇ ਘਰ ’ਚ ਰੋਟੀ ਪਕਾਉਣ ਤੇ ਹੋਰ ਕੰਮਾਂ ਲਈ ਪਿੰਡ ਦੀ ਇੱਕ ਔਰਤ ਸੁਖਵਿੰਦਰ ਕੌਰ ਕਿੰਦੇ ਪਤਨੀ ਗਿਆਨ ਸਿੰਘ ਨੂੰ ਰੱਖਿਆ ਹੋਇਆ ਸੀ। ਕਿੰਦੇ ਦੇ ਸਾਹਮਣੇ ਹਰਬੰਸ ਸਿੰਘ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਦਾ ਸੀ। ਕਿੰਦੇ ਜਿਸ ਦੀ 2 ਜੂਨ 2020 ਨੂੰ ਮੌਤ ਹੋ ਚੁੱਕੀ ਹੈ, ਦੇ ਮਨ ’ਚ ਬੇਈਮਾਨੀ ਆ ਗਈ। ਉਸ ਦੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਨਾਲ ਸਬੰਧ ਸਨ। ਉਸ ਨੇ ਗੋਬਿੰਦ ਸਿੰਘ ਉਰਫ ਮੋਸ਼ਨ, ਸੰਦੀਪ ਕੁਮਾਰ ਉਰਫ ਸਿੱਪੀ ਦੋਵੇਂ ਵਾਸੀਆਨ ਇੰਦਰਾ ਕਲੋਨੀ ਮੁਲਾਂਪੁਰ (ਦਾਖਾ), ਵਿੱਕੀ ਉਰਫ ਸੌਲ ਵਾਸੀ ਸੂਆ ਰੋਡ ਪ੍ਰੇਮ ਨਗਰ ਮੁਲਾਂਪੁਰ ਨਾਲ ਮਿਲ ਕੇ ਹਰਬੰਸ ਸਿੰਘ ਨੂੰ ਲੁੱਟਣ ਦੀ ਸਕੀਮ ਘੜੀ ਅਤੇ 11 ਅਪਰੈਲ 2016 ਦੀ ਰਾਤ ਨੂੰ ਕਰੀਬ 10.30 ਵਜੇ ਹਰਬੰਸ ਸਿੰਘ ਦੇ ਘਰ ’ਚ ਕੰਧ ਟੱਪ ਕੇ ਦਾਖਲ ਹੋ ਗਏ। ਮੁਲਜ਼ਮਾਂ ਨੇ ਹਰਬੰਸ ਸਿੰਘ ਨੂੰ ਮੰਜੇ ਨਾਲ ਬੰਨ੍ਹ ਕੇ ਬੇਸਬਾਲ ਅਤੇ ਹੋਰ ਮਾਰੂ ਹਥਿਆਰਾਂ ਨਾਲ ਮਾਰ ਮੁਕਾਇਆ।

ਪੁਲੀਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਸੁਖਵਿੰਦਰ ਕੌਰ ਦੇ ਤਿੰਨੋਂ ਸਾਥੀਆਂ ਨੂੰ ਕਾਬੂ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਹੋਰ ਅਪਰਾਧਿਕ ਮਾਮਲੇ ਹੱਲ ਹੋਣ ਦੀ ਆਸ ਹੈ। ਇਸ ਕਤਲ ’ਚ ਮੁੱਖ ਸੂਤਰਧਾਰ ਕਿੰਦੇ ਹੀ ਸੀ ਜਿਸ ਦੀ ਕਿ ਮੌਤ ਹੋ ਚੁੱਕੀ ਹੈ