1984 ਵਿਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਉਠੇ ਸਵਾਲ

ਸਾਕਾ ਨੀਲਾ ਤਾਰਾ ਮਾਮਲੇ ਵਿੱਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ- ਢੇਸੀ

ਲੰਡਨ, ਜੂਨ 2020 -(ਗਿਆਨੀ ਰਾਵਿਦਾਰਪਾਲ ਸਿੰਘ/ਰਾਜੀਵ ਸਮਰਾ)- 

ਬਰਤਾਨੀਆ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿੱਚ ਜੂਨ, 1984 ਦੇ ਸਾਕਾ ਨੀਲਾ ਤਾਰਾ ਮਾਮਲੇ ਵਿੱਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਤਤਕਾਲੀ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਅੰਮਿ੍ਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮੌਕੇ ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਢੇਸੀ ਨੇ ਹਾਊਸ ਆਫ ਕਾਮਨਜ਼ ਵਿੱਚ ਇਹ ਮੁੱਦਾ ਚੁੱਕਿਆ। ਉਨ੍ਹਾਂ ਇਸ ਮੁੁੱਦੇ ’ਤੇ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘ ਹਾਲ ਹੀ ਵਿੱਚ ਹੋਏ ਖੁਲਾਸਿਆਂ, ਬਰਤਾਨੀਆ ਵਿਚਲੇ ਸਿੱਖਾਂ ਦੀ ਮੰਗ ਅਤੇ ਲੇਬਰ ਪਾਰਟੀ ਅਤੇ ਹੋਰਨਾਂ ਵਿਰੋਧੀ ਧਿਰਾਂ ਦੇ ਸਮਰਥਨ ਦੇ ਬਾਵਜੂਦ ਹਮਲੇ ਵਿੱਚ ਥੈਚਰ ਸਰਕਾਰ ਦੀ ਭੂਮਿਕਾ ਦਾ ਪਤਾ ਲਾਉਣ ਲਈ ਨਿਰਪੱਖ ਅਤੇ ਸੁਤੰਤਰ ਜਾਂਚ ਨਹੀਂ ਕਰਵਾਈ ਗਈ। ਜਾਂਚ ਦੀ ਮੰਗ ਕੁਝ ਵਰ੍ਹੇ ਪਹਿਲਾਂ ਉਦੋਂ ਉਠੀ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੁਕੇ ਹੋਏ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਚਲਾਈ ਗਈ ਮੁਹਿੰਮ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਬਰਤਾਨੀਆ ਦੀ ਫੌਜ ਨੇ ਭਾਰਤੀ ਸੁਰੱਖਿਆ ਬਲਾਂ ਨੂੰ ਸਲਾਹ ਦਿੱਤੀ ਸੀ। ਉਦੋਂ ਬਰਤਾਨੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਸਬੰਧੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਸੰਸਦ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਬਰਤਾਨੀਆ ਦੀ ਭੂਮਿਕਾ ਸਿਰਫ ਸਲਾਹਕਾਰ ਦੀ ਸੀ ਅਤੇ ਵਿਸ਼ੇਸ਼ ਹਵਾਈ ਸੇਵਾ ਦੀ ਸਲਾਹ ਦਾ ਉਸ ਮੁਹਿੰਮ ’ਤੇ ‘ਸੀਮਿਤ ਅਸਰ’ ਪਿਆ ਸੀ।