ਕਿਸਾਨ ਕਿੱਥੇ ਜਾਵੇ..? ✍️ ਅਮਨਜੀਤ ਸਿੰਘ ਖਹਿਰਾ

ਕਿਸਾਨ ਜਿਸ ਨੂੰ ਅੰਨਦਾਤਾ ਦਾ ਦਰਜਾ ਦੇ ਕੇ ਵਡਿਆਇਆ ਤਾਂ ਬਹੁਤ ਜਾਂਦਾ ਹੈ ਪਰ ਜਦੋਂ ਵਾਰੀ ਆਉਂਦੀ ਹੈ ਇਸ ਦੇ ਬਣਦੇ ਹੱਕਾਂ ਦੀ ਪ੍ਰਾਪਤੀ ਦੀ, ਫਿਰ ਇਹ ਅੰਨਦਾਤਾ ਬਿਮਾਰੀ-ਦਾਤਾ ਬਣ ਜਾਂਦਾ ਹੈ। ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਕਿ ਇਹ ਜ਼ਹਿਰਾਂ ਅਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰ ਕੇ ਅੰਨ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਹ ਕੋਈ ਨਹੀਂ ਸੋਚਦਾ ਕਿ ਇਹ ਜ਼ਹਿਰ ਤਿਆਰ ਹੋ ਕੇ ਕਿਸਾਨ ਤਕ ਕਿੱਦਾਂ ਪਹੁੰਚ ਰਹੇ ਹਨ। ਸਰਕਾਰਾਂ ਆਗਿਆ ਦੇ ਕੇ ਫੈਕਟਰੀਆਂ ਰਾਹੀਂ ਇਨ੍ਹਾਂ ਨੂੰ ਬਾਜ਼ਾਰ 'ਚ ਲੈ ਕੇ ਆਉਂਦੀਆਂ ਹਨ। ਇੰਜ ਉਨ੍ਹਾਂ ਨੂੰ ਟੈਕਸ ਰਾਹੀਂ ਆਮਦਨ ਹੁੰਦੀ ਹੈ। ਸਰਕਾਰਾਂ ਚਾਹੁਣ ਤਾਂ ਇਨ੍ਹਾਂ ਨੂੰ ਬੰਦ ਕਰ ਦੇਣ। ਇਸ ਤੋਂ ਬਾਅਦ ਕਿਸਾਨਾਂ 'ਤੇ ਨਿਸ਼ਾਨਾ ਵਿੰਨ੍ਹਿਆ ਜਾਂਦਾ ਹੈ ਕਿ ਫ਼ਸਲਾਂ ਲਈ ਕਿਸਾਨ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ ਜਿਸ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪਾਣੀ ਕੱਢਣ ਦੀ ਮਾਡਰਨ ਤਕਨੀਕ ਕਿਸਾਨਾਂ ਤਕ ਕਿੱਦਾਂ ਆ ਰਹੀ ਹੈ? ਮੋਟਰਾਂ ਦੇ ਕੁਨੈਕਸ਼ਨ ਕਿਸ ਵੱਲੋਂ ਦਿੱਤੇ ਜਾਂਦੇ ਹਨ? ਜੇਕਰ ਸਰਕਾਰਾਂ ਫ਼ਸਲਾਂ ਲਈ ਨਹਿਰੀ ਪਾਣੀ ਅਤੇ ਮੀਂਹ ਦੇ ਪਾਣੀ ਨੂੰ ਵਰਤਣ ਲਈ ਯੋਗ ਉਪਰਾਲੇ ਕਰਨ ਤਾਂ ਕਿਸਾਨ ਕਿਉਂ ਜ਼ਮੀਨਦੋਜ਼ ਪਾਣੀ ਦੀ ਵਰਤੋਂ ਕਰਨ। ਪਰ ਸਰਕਾਰਾਂ ਆਪਣੀਆਂ ਨਾਕਾਮੀਆਂ ਦਾ ਠੀਕਰਾ ਕਿਸਾਨਾਂ ਸਿਰ ਭੰਨ ਦਿੰਦੀਆਂ ਹਨ। ਫੈਕਟਰੀਆਂ ਦੁਆਰਾ ਅਤੇ ਆਮ ਵਰਤੇ ਜਾਣ ਵਾਲੇ ਪਾਣੀ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਹੀ ਸਾੜ ਦੇਣ 'ਤੇ ਉਨ੍ਹਾਂ ਨੂੰ ਕੁਦਰਤ ਤੇ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਡੇ ਵਾਤਾਵਰਨ ਹਿਤੈਸ਼ੀ ਕਹਿੰਦੇ ਹਨ ਕਿ ਇਸ ਦੇ ਧੂੰਏਂ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ। ਹੁਣ ਸੋਚਣ ਵਾਲੀ ਗੱਲ ਹੈ ਕਿ ਫੈਕਟਰੀਆਂ ਤੇ ਭੱਠਿਆਂ ਦਾ ਧੂੰਆਂ ਕੀ ਫਿਲਟਰ ਕਰਵਾ ਕੇ ਛੱਡਿਆ ਜਾਂਦਾ ਹੈ? ਇਨ੍ਹਾਂ ਦਾ ਧੂੰਆਂ ਸਾਰਾ ਸਾਲ ਨਿਕਲਦਾ ਰਹਿੰਦਾ ਹੈ ਅਤੇ ਕਿਸਾਨਾਂ ਦੁਆਰਾ ਸਾਲ 'ਚ ਦੋ ਵਾਰੀ ਪੈਦਾ ਕੀਤਾ ਧੂੰਆਂ ਖ਼ਤਰਨਾਕ ਹੋ ਜਾਂਦਾ ਹੈ। ਵਹੀਕਲਾਂ ਦੇ ਪ੍ਰਦੂਸ਼ਣ ਨੂੰ ਤਾਂ ਸਰਕਾਰਾਂ ਮੰਨਦੀਆਂ ਹੀ ਨਹੀਂ ਕਿਉਂਕਿ ਇਨ੍ਹਾਂ ਦੇ ਪ੍ਰਦੂਸ਼ਣ ਕੰਟਰੋਲ ਏਜੰਟ 40-50 ਰੁਪਏ ਦਾ ਪਾਸ ਦੇ ਕੇ ਇਨ੍ਹਾਂ ਦੇ ਧੂੰਏਂ 'ਚੋਂ ਹਾਨੀਕਾਰਕ ਤੱਤ ਕੱਢ ਲੈਂਦੇ ਹਨ। ਜੇਕਰ ਕਿਸਾਨ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਖ਼ਤਰਨਾਕ, ਜੇ ਸਰਕਾਰੀ ਏਜੰਸੀਆਂ ਦੀ ਨਾਕਾਮੀ ਨਾਲ ਖੜ੍ਹੀ ਫ਼ਸਲ ਮਚ ਜਾਵੇ, ਫਿਰ ਧੂੰਆਂ ਸ਼ੁੱਧ ਹੋ ਜਾਂਦਾ ਹੈ। ਜੇ ਕਿਸਾਨ ਫ਼ਸਲਾਂ ਦਾ ਖ਼ਰਚ ਦੇ ਹਿਸਾਬ ਨਾਲ ਮੁੱਲ ਮੰਗਦਾ ਹੈ ਤਾਂ ਕੁਝ ਵੱਡੇ ਅਰਥ-ਸ਼ਾਸਤਰੀ ਕਹਿੰਦੇ ਹਨ ਕਿ ਇਸ ਨਾਲ ਮਹਿੰਗਾਈ ਵਧੇਗੀ ਪਰ ਸਰਕਾਰਾਂ ਤਾਂ ਆਪਣੇ ਮੁਲਾਜ਼ਮਾਂ ਨੂੰ ਲਗਪਗ ਹਰ ਸਾਲ ਮਹਿੰਗਾਈ ਭੱਤਾ ਦਿੰਦੀਆਂ ਹਨ ਤੇ ਵਪਾਰੀ ਮਰਜ਼ੀ ਮੁਤਾਬਕ ਵਸਤਾਂ ਦੇ ਮੁੱਲ ਵਧਾ ਲੈਂਦੇ ਹਨ। ਮੰਤਰੀ ਚੁੱਪਚਾਪ ਮਤੇ ਪਾਸ ਕਰਕੇ ਆਪਣੀਆਂ ਤਨਖਾਹਾਂ ਵਧਾ ਲੈਦੇ ਹਨ। ਕਿਸਾਨ ਕਿੱਥੇ ਜਾਵੇ..? 

ਕਿਸਾਨ ਕਿੱਥੇ ਜਾਵੇ..? ਅਮਨਜੀਤ ਸਿੰਘ ਖਹਿਰਾ