ਨਵੀਂ ਦਿੱਲੀ, ਜੂਨ 2020 -(ਏਜੰਸੀ)- ਦੂਸਰੀ ਸਭ ਤੋਂ ਵੱਡੀ ਰਾਸ਼ਟਰੀ ਤੇਲ ਮਾਰਕੀਟਿੰਗ ਕੰਪਨੀ ਭਾਰਤ ਪੈਟਰੋਲੀਅਮ ਕਾਰਪਸ ਲਿਮਟਿਡ (BPCL) ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਪੂਰੇ ਦੇਸ਼ ਵਿਚ ਵ੍ਹਟਸਐਪ ਜ਼ਰੀਏ ਰਸੋਈ ਗੈਸ ਬੁਕਿੰਗ ਦੀ ਸਹੂਲਤ ਲਾਂਚ ਕੀਤੀ ਹੈ। ਬੀਪੀਸੀਐੱਲ ਨੇ ਮੰਗਲਵਾਰ ਨੂੰ ਇਹ ਸਹੂਲਤ ਲਾਂਚ ਕੀਤੀ ਹੈ। ਇਸ ਨਾਲ ਹੁਣ ਗਾਹਕ ਵ੍ਹਟਸਐਪ ਜ਼ਰੀਏ ਹੀ ਰਸੋਈ ਗੈਸ ਦੀ ਬੁਕਿੰਗ ਕਰ ਸਕਦੇ ਹਨ। ਭਾਰਤ ਪੈਟਰੋਲੀਅਮ ਦੇ ਦੇਸ਼ ਭਰ 'ਚ 71 ਲੱਖ ਤੋਂ ਜ਼ਿਆਦਾ ਐੱਲਪੀਜੀ ਗਾਹਕ ਹਨ। ਇੰਨੀ ਵੱਡੀ ਗਿਣਤੀ 'ਚ ਗਾਹਕਾਂ ਦੇ ਨਾਲ ਇਹ ਦੇਸ਼ ਵਿਚ ਇੰਡੀਅਨ ਆਇਲ ਤੋਂ ਬਾਅਦ ਦੂਸਰੀ ਵੱਡੀ ਕੰਪਨੀ ਹੈ।
ਬੀਪੀਸੀਐੱਲ ਨੇ ਇਕ ਬਿਆਨ 'ਚ ਕਿਹਾ, 'ਮੰਗਲਵਾਰ ਤੋਂ ਦੇਸ਼ ਭਰ 'ਚ ਭਾਰਤ ਗੈਸ (ਬੀਪੀਸੀਐੱਲ ਦਾ ਐੱਲਪੀਜੀ ਬ੍ਰਾਂਡ) ਦੇ ਗਾਹਕ ਵ੍ਹਟਸਐਪ 'ਤੇ ਹੀ ਰਸੋਈ ਗੈਸ ਲਈ ਬੁਕਿੰਗ ਕਰ ਸਕਦੇ ਹਨ।' ਬੀਪੀਸੀਐੱਲ ਨੇ ਅੱਗੇ ਕਿਹਾ ਕਿ ਉਹ ਸਿਲੰਡਰ ਬੁਕਿੰਗ ਦੀ ਸਹੂਲਤ ਲਈ ਵ੍ਹਟਸਐਪ ਬਿਜ਼ਨੈੱਸ ਚੈਨਲ ਲਿਆਇਆ ਹੈ। ਕੰਪਨੀ ਨੇ ਦੱਸਿਆ ਕਿ ਵ੍ਹਟਸਐਪ 'ਤੇ ਬੁਕਿੰਗ ਬੀਪੀਸੀਐੱਲ ਸਮਾਰਟਲਾਈਨ ਨੰਬਰ 1800-224-344 ਜ਼ਰੀਏ ਕੀਤੀ ਜਾ ਸਕਦੀ ਹੈ। ਗਾਹਕ ਦੇ ਕੰਪਨੀ ਨਾਲ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਇਹ ਬੁਕਿੰਗ ਕੀਤੀ ਜਾ ਸਕਦੀ ਹੈ।
ਇਸ ਸਹੂਲਤ ਨੂੰ ਲਾਂਚ ਕਰਦੇ ਹੋਏ ਕੰਪਨੀ ਦੇ ਮਾਰਕੀਟਿੰਗ ਡਾਇਰੈਕਟਰ ਅਰੁਣ ਸਿੰਘ ਨੇ ਕਿਹਾ, 'ਵ੍ਹਟਸਐਪ ਰਾਹੀਂ ਐੱਲਪੀਜੀ ਬੁਕਿੰਗ ਕਰਨ ਦੀ ਸਹੂਲਤ ਨਾਲ ਗਾਹਕਾਂ ਨੂੰ ਰਸੋਈ ਗੈਸ ਬੁਕਿੰਗ ਕਰਨ 'ਚ ਕਾਫ਼ੀ ਆਸਾਨੀ ਹੋਵੇਗੀ।' ਵ੍ਹਟਸਐਪ ਨਾਲ ਯੁਵਾ ਤੇ ਬਜ਼ੁਰਗ ਦੋਵਾਂ ਹੀ ਪੀੜ੍ਹੀਆਂ 'ਚ ਸਾਮਾਨ ਰੂਪ 'ਚ ਹਰਮਨਪਿਆਰੀ ਹੋਣ ਕਾਰਨ ਅਸੀਂ ਇਸ ਸਹੂਲਤ ਜ਼ਰੀਏ ਗਾਹਕਾਂ ਦੇ ਹੋਰ ਨੇੜੇ ਆ ਸਕਾਂਗੇ।