ਨਵੀਂ ਦਿੱਲੀ , ਜੂਨ 2020 -(ਏਜੰਸੀ)-ਦੇਸ਼ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੋ ਲੱਖ ਤੋਂ ਪਾਰ ਕਰ ਗਈ ਹੈ। ਮੰਗਲਵਾਰ ਨੂੰ ਅੱਠ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ ਸਵਾ ਦੋ ਸੌ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ, ਬੰਗਾਲ, ਕਰਨਾਟਕ, ਹਰਿਆਣਾ ਤੇ ਤਾਮਿਲਨਾਡੂ 'ਚ ਇਕ ਦਿਨ 'ਚ ਰਿਕਾਰਡ ਨਵੇਂ ਕੇਸ ਮਿਲੇ ਹਨ। ਮਹਾਰਾਸ਼ਟਰ 'ਚ ਦੂਜੀ ਵਾਰ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪੀੜਤਾਂ ਦੀ ਗਿਣਤੀ 1,98,706 'ਤੇ ਪਹੁੰਚ ਗਈ ਹੈ ਤੇ 5598 ਲੋਕਾਂ ਦੀ ਮੌਤ ਵੀ ਹੋਈ ਹੈ। ਸਿਹਤ ਮੰਤਰਾਲੇ ਤੇ ਹੋਰ ਸ੍ਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਨਾਲ ਕੇਂਦਰੀ ਏਜੰਸੀ ਦੇ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਤੌਰ 'ਤੇ ਅੰਕੜੇ ਇਕੱਠੇ ਕਰਦੀਆਂ ਹਨ। ਕੇਂਦਰੀ ਸਿਹਰਤ ਮੰਤਰਾਲੇ ਦੇ ਅੰਕੜਿਆਂ 'ਚ ਇਕ ਦਿਨ ਪਹਿਲਾਂ ਦੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।
ਮੰਗਲਵਾਰ ਰਾਤ 10.05 ਵਜੇ ਜਾਰੀ ਪੀਟੀਆਈ ਦੀ ਟੈਲੀ ਮੁਤਾਬਕ ਦੇਸ਼ 'ਚ 8147 ਨਵੇਂ ਮਾਮਲੇ ਸਾਹਮਣੇ ਆਏ ਤੇ ਪੀੜਤਾਂ ਦੀ ਗਿਣਤੀ 2,00321 ਹੋ ਗਈ। ਹੁਣ ਤਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵੀ 99,613 ਹੋ ਗਈ ਹੈ।
ਸਰਗਰਮ ਮਾਮਲੇ 94,969 ਰਹਿ ਗਏ ਹਨ। ਇਸ ਮਹਾਮਾਰੀ ਨਾਲ ਹੁਣ ਤਕ 5739 ਲੋਕਾਂ ਦੀ ਜਾਨ ਗਈ ਹੈ। ਮੰਗਲਵਾਰ ਨੂੰ 226 ਲੋਕਾਂ ਦੀ ਜਾਨ ਗਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 103, ਦਿੱਲੀ 'ਚ 33, ਗੁਜਰਾਤ 'ਚ 29, ਤਾਮਿਲਨਾਡੂ 'ਚ 13, ਬੰਗਾਲ 'ਚ 10, ਰਾਜਸਥਾਨ 'ਚ ਚਾਰ, ਜੰਮੂ-ਕਸ਼ਮੀਰ 'ਚ ਤਿੰਨ, ਪੰਜਾਬ 'ਚ ਦੋ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਤੇ ਕੇਰਲ 'ਚ ਇਕ-ਇਕ ਮੌਤ ਹੋਈ ਹੈ।