ਇਲਾਜ ਉਪਰੰਤ ਤੰਦਰੁਸਤ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਨੇ ਮੁੜ ਸੰਭਾਲੀ

ਮੁੱਲਾਂਪੁਰ ਦਾਖਾ/ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਆਏ ਦਿਨ ਕੁੱਝ ਮਾਪਿਆਂ ਵੱਲੋ ਆਪਣੇ ਨਵ-ਜਨਮੇ ਬੱਚਿਆਂ ਨੂੰ ਲਾਵਾਰਸ ਹਾਲਤ 'ਚ ਨਾਲ਼ੀਆਂ ਅਤੇ ਛੱਪੜਾਂ ਕਿਨਾਰੇ ਸੁੱਟਣ ਦੇ ਪ੍ਰਚੱਲਿਤ ਰੁਝਾਨ ਨੂੰ ਠੱਲ਼ ਪਾਉਣ ਲਈ ਸਰਕਾਰ ਵੱਲੋਂ ਕੁੱਝ ਹੋਰ ਮਾਪਦੰਡ ਅਪਣਾਏ ਗਏ ਹਨ ਜਿਹਨਾ ਰਾਹੀਂ ਬੱਚਿਆਂ ਦੀ ਸੰਭਾਲ ਕਰਨ ਤੋਂ ਅਸਰਮਰਥ ਮਾਪੇ ਪੈਦਾ ਹੋਣ ਵਾਲੇ ਲੜਕਾ-ਲੜਕੀ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਸਕਦੇ ਹਨ। ਉੱਕਤ ਜਾਣਕਾਰੀ ਜਗਰਾਓਂ ਦੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਮਾਪਿਆਂ ਵੱਲੋਂ ਆਪਣੀ ਸਹਿਮਤੀ ਨਾਲ ਮੋਹਾਲੀ ਪ੍ਰਸ਼ਾਸ਼ਨ ਨੂੰ ਸੌਂਪੀ ਨਵ-ਜਨਮੀ ਬਾਲੜੀ ਦੇ ਸਰਕਾਰੀ ਮਾਪਦੰਡਾਂ ਅਨੁਸਾਰ ਸਿਰਜੇ ਜਾਣ ਵਾਲੇ ਚੰਗੇ ਭਵਿੱਖ ਬਾਰੇ ਜਾਣੂੰ ਕਰਵਾਉਂਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਦੌਰਾਨ ਕਿਸੇ ਮਾਪਿਆਂ ਵੱਲੋਂ ਆਪਣੀ ਸਹਿਮਤੀ ਨਾਲ ਮੋਹਾਲੀ ਪ੍ਰਸ਼ਾਸਨ ਹਵਾਲੇ ਕੀਤੀ ਇੱਕ ਨਵ ਜਨਮੀ ਬਾਲੜੀ ਨੂੰ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਬੱਚਿਆਂ ਦੀ ਸੰਭਾਲ ਅਤੇ ਬੱਚੇ ਗੋਦ ਦੇਣ ਲਈ ਮਾਨਤਾ ਪ੍ਰਰਾਪਤ ਏਜੰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਪ੍ਰਧਾਨ ਬੀਬੀ ਜਸਵੀਰ ਕੌਰ ਅਤੇ ਸਕੱਤਰ ਕੁਲਦੀਪ ਸਿੰਘ ਮਾਨ ਵੱਲੋਂ ਅਪਣਾਇਆ ਗਿਆ, ਬਾਲੜੀ ਨੂੰ ਬਾਲ ਘਰ ਲਿਆਉੁਂਦੇ ਸਮੇਂ ਰਸਤੇ 'ਚ ਸਿਹਤ ਵਿਗੜਨ ਕਾਰਨ ਅਪੋਲੋ ਹਸਪਤਾਲ ਲੁੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਮੌਜੂਦਾ ਦੌਰ 'ਚ ਸਮਾਜ ਸੇਵੀ ਸੰਸਥਾਵਾਂ ਸਹਾਇਤਾ ਰਾਸ਼ੀ ਨਾ ਮਿਲਣ ਕਾਰਣ ਕੰਮਜੋਰ ਆਰਥਿਕਤਾ ਨਾਲ ਜੂਝ ਰਹੀਆਂ ਹੋਣ ਕਾਰਨ ਡਾ: ਮਹਿਕ ਬਾਂਸਲ ਆਈਸੀਯੂ ਮਾਹਿਰ ਨੇ ਆਪਣੇ ਵੱਲੋਂ ਕੱੁਝ ਰਾਸ਼ੀ ਜਮ੍ਹਾ ਕਰਵਾਕੇ ਇਹ ਮਾਮਲਾ ਅਪੋਲੋ ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਜੈ ਸਿੰੰਘ ਅਤੇ ਮੈਡੀਕਲ ਸੁਪਰਡੈਂਟ ਡਾ: ਰਾਜੀਵ ਕੁੰਦਰਾ ਦੇ ਧਿਆਨ 'ਚ ਲਿਆਂਦਾ। ਜਿੱਥੇ ਉੱਕਤ ਸਮਾਜਸੇਵੀ ਸੰਸਥਾ ਦੇ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਅਪੋਲੋ ਹਸਪਤਾਲ ਲੁਧਿਆਣਾ ਦੇ ਮੁਖੀ, ਚੇਅਰਮੈਨ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨੇ ਬਿਨਾਂ ਕਿਸੇ ਹੋਰ ਅਦਾਇਗੀ ਤੋਂ ਇਸ ਬਾਲੜੀ ਨੂੰ ਬਾਲ ਘਰ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ ਹਵਾਲੇ ਕਰਦਿਆਂ ਭਵਿੱਖ 'ਚ ਅਜਿਹੇ ਬੱਚਿਆਂ ਦੇ ਇਲਾਜ ਲਈ ਹਰ ਸੰਭਵ ਮੱਦਦ ਕਰਨ ਦਾ ਸੰਕੇਤ ਦਿੱਤਾ। ਮਾਨ ਨੇ ਦੱਸਿਆ ਬਾਲੜੀ ਦਾ ਨਾਮ 'ਅਰਜਿਵ' ਰੱਖਿਆ ਗਿਆ। ਇਸ ਮੌਕੇ ਡਾ: ਮਹਿਕ ਬਾਂਸਲ, ਡਾ: ਜਤਿੰਦਰ ਅਰੋੜਾ, ਡਾ: ਪ੍ਰਦੀਪ ਸ਼ਰਮਾ, ਕੁਸਮ ਕੌਸ਼ਿਕ, ਸਵਾਮੀ ਓਮਾ ਨੰਦ ਅਤੇ ਓਗੇ ਸਮਾਜ ਸੇਵੀ ਜੱਗੀ  ਆਦਿ ਹਾਜਰ ਸਨ।