ਵਿਧਾਇਕ ਸੁਰਿੰਦਰ ਡਾਵਰ ਅਤੇ ਸੰਜੇ ਤਲਵਾੜ ਵੱਲੋਂ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਮੀਟਿੰਗ

ਮਿਕਸਡ ਲੈਂਡ ਯੂਜ਼ ਖੇਤਰਾਂ ਵਿੱਚ ਸਨਅਤਾਂ ਚਾਲੂ ਕਰਨ ਬਾਰੇ ਕੀਤੀਆਂ ਵਿਚਾਰਾਂ

ਲੁਧਿਆਣਾ, ਮਈ 2020 - ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਮਿਕਸਡ ਲੈਂਡ ਯੂਜ਼ ਖੇਤਰਾਂ ਵਿੱਚ ਸਨਅਤਾਂ ਚਾਲੂ ਕਰਨ ਬਾਰੇ ਵਿਧਾਨ ਸਭਾ ਹਲਕਾ ਲੁਧਿਆਣਾ (ਕੇਂਦਰੀ) ਦੇ ਵਿਧਾਇਕ ਸੁਰਿੰਦਰ ਡਾਵਰ ਅਤੇ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ ਨੇ ਅੱਜ ਸਥਾਨਕ ਪੁਲਿਸ ਲਾਇਨਜ਼ ਵਿਖੇ ਪੰਜਾਬ ਸਰਕਾਰ ਦੀ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਨਾਲ ਵਿਚਾਰਾਂ ਕੀਤੀਆਂ। ਮੀਟਿੰਗ ਦੌਰਾਨ ਦੋਵੇਂ ਵਿਧਾਇਕਾਂ ਨੇ ਇਨਾਂ ਖੇਤਰਾਂ ਵਿੱਚ ਸਨਅਤਾਂ ਚਾਲੂ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਦੋਵਾਂ ਵਿਧਾਇਕਾਂ ਨੇ ਦੱਸਿਆ ਕਿ ਉਹ ਦੋਵੇਂ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਕੋਲ ਇਹ ਮੰਗ ਉਠਾ ਰਹੇ ਸਨ। ਮੀਟਿੰਗ ਦੌਰਾਨ ਹੀ ਸ੍ਰੀਮਤੀ ਵਿੰਨੀ ਮਹਾਜਨ ਨੇ ਦੋਵੇਂ ਵਿਧਾਇਕਾਂ ਨੂੰ ਇਸ ਸੰਬੰਧੀ ਪੰਜਾਬ ਸਰਕਾਰ ਦੇ ਫੈਸਲੇ ਤੋਂ ਜਾਣੂ ਕਰਵਾਇਆ। ਉਨਾਂ ਕਿਹਾ ਕਿ ਇਸ ਨਾਲ ਇਸ ਖੇਤਰ ਵਿੱਚ ਪੈਂਦੀਆਂ ਸਨਅਤਾਂ ਨੂੰ ਵੱਡਾ ਲਾਭ ਮਿਲੇਗਾ। ਵਿਧਾਇਕ ਤਲਵਾੜ ਨੇ ਦੱਸਿਆ ਕਿ ਮੀਟਿੰਗ ਵਿੱਚ ਲੁਧਿਆਣਾ ਵਿਖੇ ਬਣਨ ਵਾਲੇ ਪ੍ਰਦਰਸ਼ਨੀ ਕੇਂਦਰ, ਈਸਟ ਐਂਡ ਕਲੱਬ, ਨੈਸ਼ਨਲ ਹਾਈਵੇਜ਼ ਪ੍ਰੋਜੈਕਟ, ਹਲਵਾਰਾ ਏਅਰਪੋਰਟ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਵਿਚਾਰੇ ਗਏ। ਉਨਾਂ ਦੱਸਿਆ ਕਿ ਸ਼੍ਰੀਮਤੀ ਵਿੰਨੀ ਮਹਾਜਨ ਵੱਲੋਂ ਇਨਾਂ ਸਾਰੇ ਮੁੱਦਿਆਂ 'ਤੇ ਜਲਦ ਹੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।