ਲੁਧਿਆਣਾ, ਮਈ 2020 - ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਪ੍ਰਵਾਸੀ ਲੋਕਾਂ ਨੂੰ ਉਨਾਂ ਦੇ ਸੂਬਿਆਂ ਵਿੱਚ ਛੱਡਣ ਲਈ 100ਵੀਂ ਰੇਲ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਹੁਣ ਤੱਕ ਪੰਜਾਬ ਦੇ ਵੱਖ-ਵੱਖ ਸਹਿਰਾਂ ਤੋਂ 1.35 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਉਨਾਂ ਦੇ ਸੂਬਿਆਂ ਲਈ ਭੇਜਿਆ ਜਾ ਚੁੱਕਾ ਹੈ, ਜਿਨਾਂ ਵਿੱਚ 1.20 ਲੱਖ ਮਰਦ ਅਤੇ ਔਰਤਾਂ ਤੋਂ ਇਲਾਵਾ 15000 ਤੋਂ ਵਧੇਰੇ ਬੱਚੇ ਸ਼ਾਮਿਲ ਹਨ। ਪ੍ਰਵਾਸੀਆਂ ਨੂੰ ਲਿਜਾਣ ਲਈ ਪਹਿਲੀ ਰੇਲ 5 ਮਈ, 2020 ਨੂੰ ਜਲੰਧਰ ਤੋਂ ਰਵਾਨਾ ਹੋਈ ਸੀ। ਅੱਜ ਦੁਪਹਿਰ ਤੱਕ 100 ਰੇਲਾਂ ਵੱਖ-ਵੱਖ ਸ਼ਹਿਰਾਂ ਤੋਂ ਰਵਾਨਾ ਹੋ ਚੁੱਕੀਆਂ ਹਨ। ਜਦਕਿ ਅਗਲੇ ਦਿਨਾਂ ਦੌਰਾਨ ਹੋਰ ਵੀ ਰੇਲਾਂ ਵੱਖ-ਵੱਖ ਸੂਬਿਆਂ ਲਈ ਰਵਾਨਾ ਹੋਣਗੀਆਂ। ਅੱਜ ਮਊ (ਉੱਤਰ ਪ੍ਰਦੇਸ਼) ਲਈ ਰੇਲ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਦੱਸਣਯੋਗ ਹੈ ਕਿ ਇਹ ਲੁਧਿਆਣਾ ਤੋਂ ਰਵਾਨਾ ਹੋਣ ਵਾਲੀ 39ਵੀਂ ਰੇਲ ਸੀ। ਇੱਕ ਪ੍ਰੈੱਸ ਰਿਲੀਜ਼ ਰਾਹੀਂ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਪੰਜਾਬ ਸਰਕਾਰ ਵੱਲੋਂ ਰੇਲਵੇ ਵਿਭਾਗ ਨਾਲ ਤਾਲਮੇਲ ਕਰਨ ਦੇ ਨੋਡਲ ਅਧਿਕਾਰੀ ਵਿਕਾਸ ਪ੍ਰਤਾਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਤੋਂ ਇਲਾਵਾ ਜਲੰਧਰ, ਪਟਿਆਲਾ, ਮੋਹਾਲੀ ,ਸ੍ਰੀ ਅੰਮ੍ਰਿਤਸਰ ਸਾਹਿਬ, ਫਿਰੋਜ਼ਪੁਰ, ਸਰਹਿੰਦ ਅਤੇ ਬਠਿੰਡਾ ਤੋਂ ਵੀ ਰੋਜਾਨਾ ਰੇਲਾਂ ਰਵਾਨਾ ਹੋ ਰਹੀਆਂ ਹਨ। ਹਰੇਕ ਰੇਲ ਵਿੱਚ 1200 ਯਾਤਰੀ ਭੇਜੇ ਜਾ ਰਹੇ ਹਨ। ਪੰਜਾਬ ਤੋਂ ਹੁਣ ਤੱਕ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਨੀਪੁਰ, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ ਲਈ ਰੇਲਾਂ ਰਵਾਨਾ ਹੋਈਆਂ ਹਨ। ਉਨਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨਾਂ ਪ੍ਰਵਾਸੀਆਂ ਦਾ ਰੇਲ ਕਿਰਾਇਆ, ਭੋਜਨ, ਪਾਣੀ, ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਦਾ ਸਾਰਾ ਖਰਚਾ ਉਠਾਇਆ ਜਾ ਰਿਹਾ ਹੈ। ਹਰੇਕ ਯਾਤਰੀ ਦੀ ਸਕਰੀਨਿੰਗ ਕਰਨ ਉਪਰੰਤ ਉਨਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਅਗਲੇ ਦਿਨਾਂ ਦੌਰਾਨ ਜਿਆਦਾ ਤੋਂ ਜਿਆਦਾ ਪ੍ਰਵਾਸੀ ਲੋਕਾਂ ਨੂੰ ਭੇਜਣ ਲਈ ਹੋਰ ਰੇਲਾਂ ਚਲਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਮਿਤੀ 14 ਮਈ ਨੂੰ 7 ਰੇਲਾਂ ਜਾ ਰਹੀਆਂ ਹਨ, ਜਦਕਿ 15 ਮਈ ਨੂੰ 8 ਰੇਲਾਂ ਜਾਣਗੀਆਂ। ਜ਼ਿਲਾ ਲੁਧਿਆਣਾ ਤੋਂ 7 ਲੱਖ ਤੋਂ ਵਧੇਰੇ ਪ੍ਰਵਾਸੀ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਅਗਲੇ ਦਿਨਾਂ ਦੌਰਾਨ ਰੇਲਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇਨਾਂ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਲਈ ਵੀ ਸੰਬੰਧਤ ਰਾਜ ਸਰਕਾਰਾਂ ਨਾਲ ਗੱਲਬਾਤ ਕਰ ਰਹੀ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਕੰਮ ਵਿੱਚ ਬਹੁਤ ਪਾਰਦਰਸ਼ਤਾ ਰੱਖੀ ਜਾ ਰਹੀ ਹੈ। ਯਾਤਰੀਆਂ ਨੂੰ ਦਿੱਤੀ ਜਾਂਦੀ ਮੈਡੀਕਲ ਸਲਿੱਪ 'ਤੇ ਬਾਰਕੋਡ ਲਗਾਇਆ ਜਾ ਰਿਹਾ ਹੈ। ਯਾਤਰੀਆਂ ਦੀ ਜਦੋਂ ਗੁਰੂ ਨਾਨਕ ਸਟੇਡੀਅਮ ਵਿਖੇ ਸਕਰੀਨਿੰਗ ਹੁੰਦੀ ਹੈ ਅਤੇ ਟਿਕਟ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਦਾ ਬਾਰਕੋਡ ਸਕੈਨ ਕੀਤਾ ਜਾਂਦਾ ਹੈ।