ਸੁਲਤਾਨਪੁਰ ਲੋਧੀ (ਕਪੂਰਥਲਾ), ਮਈ 2020 -(ਹਰਜੀਤ ਸਿੰਘ ਵਿਰਕ)-
ਚੇਅਰਮੈਨ ਮਿਲਕਫੈੱਡ ਪੰਜਾਬ ਕੈਪਟਨ ਹਰਮਿੰਦਰ ਸਿੰਘ ਵੱਲੋਂ ਅੱਜ ਚਿਲਿੰਗ ਪਲਾਂਟ ਵੇਰਕਾ ਡੇਅਰੀ ਸੁਲਤਾਨਪੁਰ ਲੋਧੀ ਦਾ ਦੌਰਾ ਕਰਕੇ ਉਥੇ ਕੋਵਿਡ-19 ਮਹਾਂਮਾਰੀ ਅਤੇ ਲਾਕਡਾੳੂਨ ਦੌਰਾਨ ਦੁੱਧ ਉਤਪਾਦਕਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਪਲਾਂਟ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਔਖੀ ਘੜੀ ਵਿਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ। ਇਸ ਦੇ ਨਾਲ ਹੀ ਉਨਾਂ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਕੋਵਿਡ-19 ਤੋਂ ਬਚਾਅ ਲਈ ਦੁੱਧ ਇਕੱਤਰ ਕਰਨ ਦੀ ਪ੍ਰਕਿਰਿਆ ਦੌਰਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਅਤੇ ਸਿਹਤ ਸੁਰੱਖਿਆ ਉਪਾਅ ਯਕੀਨੀ ਬਣਾਉਣ ਦੀ ਤਾਕੀਦ ਕੀਤੀ। ਉਨਾਂ ਕਿਹਾ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ, ਸਾਫ਼-ਸਫ਼ਾਈ ਅਤੇ ਹੋਰਨਾਂ ਸਾਵਧਾਨੀਆਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨਾਂ ਵੇਰਕਾ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਜਿਸ ਵੱਲੋਂ ਲਾਕਡਾੳੂਨ ਅਤੇ ਮਹਾਂਮਾਰੀ ਦੀ ਇਸ ਔਖੀ ਘੜੀ ਵਿਚ ਦਲੇਰੀ ਨਾਲ ਇਕ ਯੋਧੇ ਦੀ ਤਰਾਂ ਕੰਮ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚੋਂ ਦੁੱਧ ਦੀਆਂ ਸੁਸਾਇਟੀਆਂ ਕੋਲੋਂ ਕਿਸਾਨਾਂ ਦਾ ਦੁੱਧ ਨਿਰੰਤਰ ਚੁੱਕਿਆ ਅਤੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵੱਡੀ ਗੱਲ ਇਹ ਹੈ ਕਿ ਵੇਰਕਾ ਵੱਲੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ, ਜਿਸ ਨਾਲ ਹਿਮਾਚਲ ਵਿਚ ਵੀ ਵੇਰਕਾ ਘਰ-ਘਰ ਪਸੰਦ ਕੀਤਾ ਜਾਣ ਵਾਲਾ ਬ੍ਰਾਂਡ ਬਣ ਗਿਆ ਹੈ।
ਚੇਅਰਮੈਨ ਕੈਪਟਨ ਹਰਮਿੰਦਰ ਸਿੰਘ, ਜਿਨਾਂ ਦਾ ਸੁਲਤਾਨਪੁਰ ਲੋਧੀ ਆਪਣਾ ਨਗਰ ਹੈ, ਨੇ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਇਸ ਮੁਸ਼ਕਲ ਘੜੀ ਵਿਚ ਪੰਜਾਬ ਦੀ ਕਿਸਾਨੀ, ਜੋ ਕਿ ਲਗਭਗ 25 ਫੀਸਦੀ ਡੇਅਰੀ ਵਪਾਰ ਨਾਲ ਸਬੰਧਤ ਹੈ, ਦਾ ਨੁਕਸਾਨ ਨਾ ਹੋਵੇ। ਇਸੇ ਲਈ ਮਿਲਕਫੈੱਡ ਵੱਲੋਂ ਪਹਿਲਾਂ ਦੇ ਮੁਕਾਬਲੇ ਵੱਧ ਦੁੱਧ ਚੁੱਕਿਆ ਜਾ ਰਿਹਾ ਹੈ। ਇਸ ਤਹਿਤ ਮਿਲਕਫੈੱਡ ਦੀਆਂ ਸੁਸਾਇਟੀਆਂ ਪੰਜਾਬ ਦੇ ਕਿਸਾਨਾਂ ਦਾ ਦੁੱਧ ਇਕੱਠਾ ਕਰਕੇ ਉਨਾਂ ਨੂੰ ਬਣਦੀ ਪੂਰੀ ਕੀਮਤ ਦੇ ਕੇ ਦੁੱਧ ਚੁੱਕ ਰਹੀਆਂ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਜੀਅ-ਤੋੜ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਦੀ ਕਿਸਾਨੀ ਅੱਗੇ ਵਧੇ। ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਹੁਣ ਨਾ ਕੇਵਲ ਪੰਜਾਬ ਬਲਕਿ ਮੁਲਕ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਦਾ ਵੀ ਢਿੱਡ ਭਰਨ ਦੇ ਸਮਰੱਥ ਹੈ।
ਇਸ ਮੌਕੇ ਚਿਿਗ ਪਲਾਂਟ ਵੇਰਕਾ ਡੇਅਰੀ ਸੁਲਤਾਨਪੁਰ ਲੋਧੀ ਦੇ ਇੰਚਾਰਜ ਸ. ਸੁਰਜੀਤ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਏਰੀਏ ਵਿਚੋਂ ਵੇਰਕਾ ਵੱਲੋਂ ਰੋਜ਼ਾਨਾ 42 ਹਜ਼ਾਰ ਲੀਟਰ ਦੁੱਧ ਇਕੱਤਰ ਕੀਤਾ ਜਾ ਰਿਹਾ ਹੈ, ਜਿਸ ਵਿਚੋਂ ਚਿਲਿੰਗ ਪਲਾਂਟ ਵੱਲੋਂ 14 ਹਜ਼ਾਰ ਲੀਟਰ ਅਤੇ 18 ਬਲਕ ਮਿਲਕ ਕੂਲਰਾਂ (ਬੀ. ਐਮ. ਸੀ) ਵੱਲੋਂ 30 ਹਜ਼ਾਰ 600 ਦੁੱਧ ਲੀਟਰ ਇਕੱਠਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵੇਰਕਾ ਨਾਲ ਇਥੇ 134 ਸੁਸਾਇਟੀਆਂ ਅਤੇ 17 ਡੇਅਰੀ ਫਾਰਮਰ ਜੁੜੇ ਹੋਏ ਹਨ। ਇਸ ਮੌਕੇ ਜਨਰਲ ਮੈਨੇਜਰ ਵੇਰਕਾ ਡੇਅਰੀ ਜਲੰਧਰ ਸ. ਰੁਪਿੰਦਰ ਸਿੰਘ ਸੇਖੋਂ ਅਤੇ ਮੈਨੇਜਰ ਖ਼ਰੀਦ ਸ. ਸੁਰਜੀਤ ਸਿੰਘ, ਸ੍ਰੀ ਵਰੁਣ ਚੱਢਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।