ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਡੀ. ਸੀ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ)

ਜ਼ਿਲੇ ਵਿਚ ਹੁਣ ਤੱਕ 13 ਕਿਸਾਨਾਂ ’ਤੇ ਹੋਏ ਮਾਮਲੇ ਦਰਜ਼
ਕਪੂਰਥਲਾ,  ਮਈ  2020-(ਹਰਜੀਤ ਸਿੰਘ ਵਿਰਕ)
ਜ਼ਿਲੇ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਦਫ਼ਾ 144 ਲਗਾਈ ਗਈ ਹੈ ਅਤੇ ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕਣਕ ਦਾ ਨਾੜ ਸਾੜਨ ਵਾਲੇ 13 ਕਿਸਾਨਾਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਜ਼ਿਲੇ ਵਿਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਜ਼ਿਲੇ ਵਿਚ 41 ਕੋਆਰਡੀਨੇਟਰ ਅਤੇ 327 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਜ਼ਮੀਨ ਵਿਚ ਮਿਲਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਵਾਤਾਵਰਨ ਪਲੀਤ ਹੁੰਦਾ ਹੈ ਅਤੇ ਅੱਗ ਨਾਲ ਪੈਦਾ ਧੂੰਆਂ ਸਾਡੇ ਫੇਫੜਿਆਂ ਅਤੇ ਸਾਡੀ ਸਿਹਤ ਨੂੰ ਖ਼ਰਾਬ ਕਰਦਾ ਹੈ ਅਤੇ ਇਹ ਸਾਨੂੰ ਕੋਰੋਨਾ ਦੀ ਬਿਮਾਰੀ ਦਾ ਸ਼ਿਕਾਰ ਵੀ ਬਣਾ ਸਕਦਾ ਹੈ। 
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਨਾਜਰ ਸਿੰਘ ਨੇ ਦੱਸਿਆ ਕਿ ਕਣਕ ਦਾ ਨਾੜ ਸਾੜਨ ਵਾਲਿਆਂ ਖਿਲਾਫ਼ ਐਨ. ਜੀ. ਟੀ ਕੋਰਟ ਦੇ ਹੁਕਮਾਂ ਅਨੁਸਾਰ 2500 ਤੋਂ 15 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨੀ ਪਹਿਲਾਂ ਹੀ ਮੁਸ਼ਕਲ ਦੌਰ ਵਿਚੋਂ ਲੰਘ ਰਹੀ ਹੈ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਨਾਲ ਪਲੀਤ ਵਾਤਾਵਰਨ ਸਾਡੀ ਬਿਮਾਰੀਆਂ ਖਿਲਾਫ਼ ਲੜਨ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ। ਉਨਾਂ ਕਿਹਾ ਕਿ ਇਸ ਨਾਲ ਸਾਹ ਦੀਆਂ ਬਿਮਾਰੀਆਂ ਵਿਚ ਵਾਧਾ ਹੁੰਦਾ ਹੈ, ਜੋ ਸਾਨੂੰ ਕੋਰੋਨਾ ਬਿਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਮਾਹਿਰਾਂ ਵੱਲੋਂ ਕੋਰੋਨਾ ਤੋਂ ਬਚਣ ਲਈ ਸਾਨੂੰ ਆਪਣੀ ਸਰੀਰਕ ਸ਼ਕਤੀ ਨੂੰ ਤਾਕਤਵਰ ਰੱਖਣ ਲਈ ਕਿਹਾ ਜਾ ਰਿਹਾ ਹੈ, ਕਿਉਂਕ ਕਮਜ਼ੋਰ ਸਰੀਰਕ ਸ਼ਕਤੀ ਵਾਲੇ ਲੋਕਾਂ ’ਤੇ ਇਹ ਬਿਮਾਰੀ ਜਲਦੀ ਅਟੈਕ ਕਰਦੀ ਹੈ। ਉਨਾਂ ਕਿਹਾ ਕਿ ਚੰਗਾ ਵਾਤਾਵਰਨ, ਚੰਗੀ ਸਿਹਤ ਅਤੇ ਚੰਗਾ ਖਾਣਾ ਸਾਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਕਦੇ ਹਨ।