ਪੰਜਾਬ ਅੰਦਰ 200 ਥਾਵਾਂ 'ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ

(ਫੋਟੋ-ਚੌਂਕੀਮਾਨ ਟੌਲਪਲਾਜ਼ਾ ਕਿਸਾਨ ਜਥੇਬੰਦੀਆਂ ਦਾ ਹਜਾਰਾਂ ਦੀ ਗਿਣਤੀ ਵਿੱਚ ਇਕੱਠ)

ਕਿਸਾਨਾਂ ਵਲੋਂ 26 ਨਵੰਬਰ ਨੂੰ ਚੱਲੋ ਦਿੱਲੀ ਦਾ ਸੱਦਾ

ਵੱਡੀ ਗਿਣਤੀ ਵਿੱਚ ਕਿਸਾਨਾਂ ਨਾਲ ਬੀਬੀਆਂ ਦੀ ਧਰਨਿਆਂ ਵਿੱਚ ਸ਼ਮੂਲੀਅਤ ਸੰਘਰਸ ਵਿੱਚ ਭਰ ਰਹੀ ਹੈ ਨਵਾਂ ਰੋਹ

ਚੰਡੀਗੜ੍ਹ ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਤਿੰਨ ਕੇਂਦਰੀ ਖੇਤੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2020 ਖ਼ਿਲਾਫ਼ ਦੇਸ਼ ਭਰ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ 'ਤੇ ਪੰਜਾਬ ਵਿਚ ਚੱਕਾ ਜਾਮ ਅੰਦੋਲਨ ਨੂੰ ਵੱਡਾ ਹੁੰਗਾਰਾ ਮਿਲਿਆ। ਸੂਬੇ ਦੇ ਕੌਮੀ ਤੇ ਰਾਜ ਮਾਰਗਾਂ 'ਤੇ 30 ਕਿਸਾਨ ਜਥੇਬੰਦੀਆਂ ਵੱਲੋਂ 200 ਤੋਂ ਵੱਧ ਥਾਵਾਂ 'ਤੇ ਕੇਂਦਰੀ ਹਕੂਮਤ ਦਾ ਗਰੂਰ ਤੋੜਨ ਲਈ 12 ਵਜੇ ਤੋਂ 4 ਵਜੇ ਤਕ ਕਿਸਾਨ ਜਥੇਬੰਦੀਆਂ ਦਾ ਕਬਜ਼ਾ ਰਿਹਾ। ਸੂਬੇ-ਭਰ ਦੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਸਮੇਤ ਅਹਿਮ ਸੜਕੀ ਮਾਰਗ ਬਿਲਕੁਲ ਬੰਦ ਸਨ। ਸੂਬੇ ਦੇ ਨਾਲ ਲੱਗਦੇ ਸਾਰੇ ਗੁਆਂਢੀ ਰਾਜਾਂ ਤੋਂ ਆਵਾਜਾਈ ਬੰਦ ਕੀਤੀ ਗਈ। ਸੂਬੇ ਭਰ 'ਚ ਕਿਸਾਨ ਜਥੇਬੰਦੀਆਂ ਦੇ ਚੱਕਾ ਜਾਮ ਦੌਰਾਨ ਟਰਾਂਸਪੋਰਟਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵਪਾਰੀਆਂ ਵੱਲੋਂ ਸਹਿਯੋਗ ਕਰਦਿਆਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ।

ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨ-ਅੰਦੋਲਨ ਦੇ 36ਵੇਂ ਦਿਨ ਚੱਕਾ ਜਾਮ ਦੌਰਾਨ ਪੰਜਾਬ ਭਰ 'ਚ ਹੋਏ ਵੱਡੇ ਇਕੱਠਾਂ ਨੇ ਕੇਂਦਰ ਸਰਕਾਰ ਨੂੰ ਇਹ ਸਾਬਿਤ ਕਰ ਦਿੱਤਾ ਹੈ ਕਿ 26-27 ਨਵੰਬਰ ਤੋਂ ਦਿੱਲੀ ਵਿਖੇ ਅਣਮਿੱਥੇ ਸਮੇਂ ਲਈ ਹੋ ਰਹੇ ਦੇਸ਼-ਪੱਧਰੀ ਇਕੱਠ 'ਚ ਪੰਜਾਬ ਤੋਂ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਵੇਗੀ। ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਚੱਲਦੇ ਸੰਘਰਸ਼ 'ਚ ਕੇਂਦਰ-ਸਰਕਾਰ ਵੱਲੋਂ ਪ੍ਰਦੂਸ਼ਣ ਸਬੰਧੀ ਲਿਆਂਦਾ ਆਰਡੀਨੈਂਸ ਹੋਰ ਵੱਡੀ ਚੁਣੌਤੀ ਹੈ। ਕੇਂਦਰ ਸਰਕਾਰ ਬੇਵਜ੍ਹਾ ਪ੍ਰਦੂਸ਼ਣ ਦਾ ਦੋਸ਼ ਕਿਸਾਨਾਂ ਸਿਰ ਮੜ੍ਹਨ 'ਤੇ ਤੁਲੀ ਹੋਈ ਹੈ।ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਤ ਅਹਿਮ ਸੰਸਥਾਵਾਂ ਦੇ ਅਧਿਐਨ ਇਹ ਦਰਸਾਉਦੇ ਹਨ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਹਨ।। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀਆਂ ਸਾਂਝੀਆਂ ਮੀਟਿੰਗਾਂ ਉਪਰੰਤ 18 ਨਵੰਬਰ ਨੂੰ ਪੰਜਾਬ ਕਿਸਾਨ ਭਵਨ, ਚੰਡੀਗੜ੍ਹ ਵਿਖੇ 30 ਕਿਸਾਨ ਜਥੇਬੰਦੀਆਂ ਦਿੱਲੀ ਜਾਣ ਲਈ ਤਿਆਰੀਆਂ ਸਬੰਧੀ ਮੀਟਿੰਗ ਕਰਨਗੀਆਂ।

 

ਚੱਕਾ ਜਾਮ ਦੌਰਾਨ ਕਿਸਾਨ ਆਗੂਆਂ ਦੇ ਐਲਾਨਾਂ ਉਪਰੰਤ ਸਥਾਨਕ ਨਿੱਜੀ ਡੀਲਰਾਂ ਦੀ ਮਾਲਕੀ ਵਾਲੇ ਰਿਲਾਇੰਸ ਪੰਪਾਂ ਨੂੰ ਖ਼ਾਲੀ ਕਰ ਦਿੱਤਾ ਗਿਆ ਹੈ ਪਰ ਅੰਬਾਨੀਆਂ ਦੀ ਮਾਲਕੀ ਵਾਲੇ ਰਿਲਾਇੰਸ ਪੰਪਾਂ , ਭਾਜਪਾ ਆਗੂਆਂ ਦੇ ਘਰਾਂ, ਟੋਲ-ਪਲਾਜ਼ਿਆਂ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਕਿਸਾਨ-ਮੋਰਚੇ ਜਾਰੀ ਰਹਿਣਗੇ 

 

ਸੂਬੇ ਭਰ 'ਚ ਚੱਕਾ ਜਾਮ ਦੌਰਾਨ ਖ਼ਾਸ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਇਸ ਦੌਰਾਨ ਵੱਡੀ ਗਿਣਤੀ 'ਚ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ। ਭਾਰੀ ਗਿਣਤੀ 'ਚ ਬੀਬੀਆਂ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਵੀ ਕੇਂਦਰ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਖ਼ਿਲਾਫ਼ ਲੋਕ ਸੰਘਰਸ਼ 'ਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਕਈ ਮਾਵਾਂ ਨੇ ਆਪਣੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਇਨ੍ਹਾਂ ਧਰਨਿਆਂ 'ਚ ਸ਼ਮੂਲੀਅਤ ਕੀਤੀ। ਇਹ ਪੰਜਾਬ ਅੰਦਰ ਕਿਸਾਨ ਸੰਘਰਸ ਲਈ ਚੰਗਾ ਸੰਕੇਤ।