ਦੂਜੀ ਲਹਿਰ ਨੂੰ ਠੱਲ੍ਹ ਪਾਉਣ ਲਈ ਸਿਰਫ ਮਾਸਕ ਹੀ ਵੈਕਸੀਨ ਹੈ

ਸਰਵੇਖਣ ਅਨੁਸਾਰ 60 ਪ੍ਰਤੀਸ਼ਤ ਲੋਕ ਲੁਧਿਆਣਾ ਵਿੱਚ ਪਾਉਂਦੇ ਹਨ ਮਾਸਕ

ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਵੱਖ-ਵੱਖ ਖੇਤਰਾਂ ਤੋਂ ਆਏ ਹਾਜ਼ਰੀਨ ਨੂੰ ਲੋਕਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ ਦੀ ਕੀਤੀ ਅਪੀਲ -ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਐਡਵੋਕੇਟ ਹਰਪ੍ਰੀਤ ਸੰਧੂ ਦੁਆਰਾ ਤਿਆਰ ਮਾਸਕ ਦੀ ਮਹੱਤਤਾ ਨੂੰ ਦਰਸਾਉਂਦੀ ਡਾਕਿਊਮੈਂਟਰੀ ਅਤੇ ਪੋਸਟਰ ਕੀਤਾ ਲਾਂਚ

ਲੁਧਿਆਣਾ ,  ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)

ਕੋਵੀਡ -19 ਦੀ ਦੂਜੀ ਲਹਿਰ (WAVE) ਦੇ ਕੁਝ ਰਾਜਾਂ ਵਿੱਚ ਪਹਿਲਾਂ ਹੀ ਪਹੁੰਚਣਾ ਸ਼ੁਰੂ ਹੋ ਗਿਆ ਹੈ, ਸਥਾਨਕ ਪੁਲਿਸ ਲਾਈਨਜ਼ ਵਿਖੇ ਅੱਜ ਮਿਸ਼ਨ ਫਤਹਿ ਤਹਿਤ ਜ਼ਿਲ੍ਹੇ ਵਿੱਚ ਇੱਕ ਹੋਰ ਲਹਿਰ ਨੂੰ ਕਿਵੇਂ ਰੋਕਿਆ ਜਾਵੇ ਇਸ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਕੀਤੀ। ਸੈਮੀਨਾਰ ਵਿੱਚ ਡੀ.ਐਮ.ਸੀ. ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ੍ਰੀ ਪ੍ਰੇਮ ਕੁਮਾਰ ਗੁਪਤਾ ਵੀ ਮੌਜੂਦ ਸਨ।ਸੈਮੀਨਾਰ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਸਾਰੇ ਵਸਨੀਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਕਿ ਅਸੀਂ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੇ ਹਾਂ, ਪਰ ਹੁਣ ਕੋਵਿਡ-19 ਦੀ ਦੂਜੀ ਲਹਿਰ ਨੂੰ ਰੋਕਣਾ ਇਕ ਹੋਰ ਚੁਣੌਤੀ ਹੈ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੋਰਾਨ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 'ਦੂਜੀ ਲਹਿਰ ਨੂੰ ਠੱਲ੍ਹ ਪਾਉਣ ਲਈ ਸਿਰਫ ਮਾਸਕ ਹੀ ਵੈਕਸੀਨ ਹੈ'। ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਧਾਰਮਿਕ ਸੰਸਥਾਵਾਂ, ਉਦਯੋਗਪਤੀਆਂ, ਮਾਰਕੀਟ ਐਸੋਸੀਏਸ਼ਨਾਂ, ਰੇਲਵੇ, ਬੱਸ ਸਟੈਂਡ ਆਦਿ ਸਮੇਤ ਵੱਖ ਵੱਖ ਖੇਤਰਾਂ ਤੋਂ ਆਏ ਹਾਜ਼ਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕਰਨ ਕਿਉਂਕਿ ਕੋਵਿਡ-19 ਦੀ ਇਕ ਹੋਰ ਲਹਿਰ ਤੋਂ ਬਚਾਉਣ ਦਾ ਇਹ ਇਕੋ-ਇਕ ਰਸਤਾ ਹੈ।

ਡੀ.ਐਮ.ਸੀ. ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ: ਬਿਸ਼ਵ ਮੋਹਨ ਨੇ ਡੀ.ਐਮ.ਸੀ. ਹਸਪਤਾਲ ਅਤੇ ਲੁਧਿਆਣਾ ਜ਼ਿਲ੍ਹਾ ਪੁਲਿਸ ਦੀ ਟੀਮ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਸਾਂਝੇ ਤੌਰ ਤੇ ਮਾਸਕ ਦੀ ਵਰਤੋਂ ਬਾਰੇ ਕਰਵਾਏ ਗਏ ਸਰਵੇਖਣ ਬਾਰੇ ਵੀ ਚਾਨਣਾ ਪਾਇਆ।

ਡਾ: ਬਿਸ਼ਵ ਮੋਹਨ ਨੇ ਕਿਹਾ ਕਿ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਲੁਧਿਆਣਾ ਵਿੱਚ 60 ਪ੍ਰਤੀਸ਼ਤ ਲੋਕ ਮਾਸਕ ਪਹਿਨਦੇ ਹਨ ਜਦੋਂ ਕਿ 40 ਪ੍ਰਤੀਸ਼ਤ ਲੋਕ ਮਾਸਕ ਨਹੀਂ ਪਹਿਨਦੇ ਜਾਂ ਨੱਕ ਨਹੀਂ ਢੱਕਿਆ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ 90 ਪ੍ਰਤੀਸ਼ਤ ਵਸਨੀਕ ਸਹੀ ਤਰ੍ਹਾਂ ਮਾਸਕ ਪਹਿਨਣੇ ਸ਼ੁਰੂ ਕਰ ਦਿੰਦੇ ਹਨ, ਤਾਂ ਕੋਵਿਡ-19 ਦੀ ਦੂਜੀ ਲਹਿਰ ਨੂੰ 80 ਪ੍ਰਤੀਸ਼ਤ ਤੱਕ ਕਾਬੂ ਪਾਇਆ ਜਾ ਸਕਦਾ ਹੈ, ਜਿਸ ਦੇ ਦਸੰਬਰ ਦੇ ਅੱਧ ਵਿੱਚ ਆਉਣ ਦਾ ਖਦਸਾ ਹੈ।

ਡਾ: ਬਿਸ਼ਵ ਮੋਹਨ ਨੇ ਕਿਹਾ ਕਿ ਜੇ ਅਸੀਂ ਧਾਰਮਿਕ ਸਥਾਨਾਂ, ਮੰਦਰਾਂ, ਗੁਰਦੁਆਰਿਆਂ, ਚਰਚ ਅਤੇ ਮਸਜਿਦਾਂ ਅਤੇ ਜਨਤਕ ਥਾਵਾਂ ਜਿਵੇਂ ਬਾਜਾਰਾਂ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕਰ ਸਕੀਏ ਤਾਂ ਇਹ ਕੋਵੀਡ-19 ਦੀ ਚੇਨ ਤੋੜਨ ਵਿਚ ਸਹਾਇਕ ਸਿੱਧ ਹੋ ਸਕਦਾ ਹੈੈ।ਸਾਰੇ ਨੁਮਾਇੰਦਿਆਂ ਜਿਸ ਵਿੱਚ ਧਾਰਮਿਕ ਸਥਾਨਾਂ, ਬਾਜ਼ਾਰਾਂ, ਰੇਲਵੇ, ਉਦਯੋਗਪਤੀ, ਬੱਸ ਸਟੈਂਡ ਆਦਿ ਸ਼ਾਮਲ ਸਨ, ਨੇ ਲੋਕਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਜ਼ਿਲ੍ਹਾ ਪ੍ਰਸਾਸ਼ਨ ਅਤੇ ਡੀ.ਐਮ.ਸੀ. ਹਸਪਤਾਲ ਦੀ ਟੀਮ ਜਿਸ ਵਿੱਚ ਡਾ: ਬਿਸ਼ਵ ਮੋਹਨ ਅਤੇ ਡਾ: ਸਰਿਤ ਸਰਮਾ ਸ਼ਾਮਲ ਸਨ, ਵੱਲੋਂ ਮਾਸਕ 'ਤੇ ਕਰਵਾਇਆ ਗਿਆ ਵਿਗਿਆਨਕ ਸਰਵੇਖਣ ਭਾਰਤ ਦਾ ਸੱਭ ਤੋਂ ਵੱਡਾ ਸਰਵੇਖਣ ਹੈ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋ ਮਾਸਕ ਦੀ ਮਹੱਤਤਾ ਦਰਸਾਉਂਦੀ ਡਾਕਊਮੈਂਟਰੀ ਅਤੇ ਪੋਸਟਰ ਕੀਤਾ ਲਾਂਚ :

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਡਾ: ਬਿਸ਼ਵ ਮੋਹਨ ਦੁਆਰਾ ਤਿਆਰ ਕੀਤੇ ਂਪਹਿਨਣ ਵਾਲੇ ਮਾਸਕ ਦੀ ਮਹੱਤਤਾਂ ਨੂੰ ਦਰਸਾਉਂਦੀ ਇੱਕ ਡੌਕੂਮੈਂਟਰੀ ਅਤੇ ਇੱਕ ਪੋਸਟਰ ਵੀ ਲਾਂਚ ਕੀਤਾ। ਇਹ ਪੋਸਟਰ ਅਤੇ ਡਾਕਿਊਮੈਂਟਰੀ ਸਿਹਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਤਿਆਰ ਕੀਤੇ ਗਏ ਹਨ।ਹਰਪ੍ਰੀਤ ਸੰਧੂ ਜੋ ਸੇਵਾ ਸੰਕਲਪ ਸੁਸਾਇਟੀ ਦੇ ਮੀਤ ਪ੍ਰਧਾਨ ਵੀ ਹਨ ਨੇ ਕਿਹਾ ਕਿ ਡਾਕਿਊਮੈਂਟਰੀ ਵਿੱਚ ਲੁਧਿਆਣਾ ਦੇ ਨਾਗਰਿਕਾਂ ਨੂੰ ਕੋਵਿਡ-19 ਨਾਲ ਲੜਨ ਲਈ ਸੁਰੱਖਿਆ ਉਪਾਵਾਂ ਲਈ ਮਾਸਕ ਦੀ ਮਹੱਤਤਾ ਦਰਸਾਈ ਗਈ ਹੈ।