ਸਮਾਜ ਸੇਵਕ ਗੁਰਮੀਤ ਸਿੰਘ ਥਾਪਰ ਨੇ ਪੁਲਿਸ ਜਵਾਨਾਂ ਲਈ 100 ਪੀ. ਪੀ. ਈ ਕਿੱਟਾਂ ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੂੰ ਭੇਟ ਕੀਤੀਆਂ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿਨ-ਰਾਤ ਜੁੱਟੇ ਪੁਲਿਸ ਜਵਾਨਾਂ ਦੀ ਸੁਰੱਖਿਆ ਲਈ ਉੱਘੇ ਸਮਾਜ ਸੇਵਕ ਅਤੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਭੁਲੱਥ ਦੇ ਚੇਅਰਮੈਨ ਸ੍ਰੀ ਗੁਰਮੀਤ ਸਿੰਘ ਥਾਪਰ ਵੱਲੋਂ 100 ਪੀ. ਪੀ. ਈ ਕਿੱਟਾਂ ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੂੰ ਭੇਟ ਕੀਤੀਆਂ ਗਈਆਂ। ਜ਼ਿਲਾ ਪੁਲਿਸ ਮੁਖੀ ਨੇ ਇਸ ਮੌਕੇ ਸ੍ਰੀ ਥਾਪਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵਕਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਨਾਲ ਇਸ ਔਖੀ ਘੜੀ ਵਿਚ ਕੋਰੋਨਾ ਵਾਇਰਸ ਖਿਲਾਫ਼ ਫਰੰਟ ਲਾਈਨ ’ਤੇ ਲੜ ਰਹੇ ਪੁਲਿਸ ਵਿਭਾਗ ਦੇ ਯੋਧਿਆਂ ਦਾ ਮਨੋਬਲ ਵਧੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿੳੂ ਦੌਰਾਨ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪੂਰੀ ਤਰਾਂ ਪਾਲਣ ਕਰਨ ਅਤੇ ਘਰਾਂ ਵਿਚੋਂ ਬਾਹਰ ਨਾ ਨਿਕਲਣ। ਉਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਹੀ ਲਾਕਡਾੳੂਨ ਕੀਤਾ ਗਿਆ ਹੈ, ਇਸ ਲਈ ਉਨਾਂ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਖਾਤਿਰ ਪੁਲਿਸ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਪੁਲਿਸ ਜਵਾਨ ਉਨਾਂ ਦੇ ਬਚਾਅ ਲਈ ਹੀ ਆਪਣੇ ਘਰ-ਬਾਰ ਛੱਡ ਕੇ ਸੜਕਾਂ ’ਤੇ ਆਪਣੀ ਡਿੳੂਟੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਮਾਜ ਸੇਵਕ ਸ੍ਰੀ ਗੁਰਮੀਤ ਸਿੰਘ ਥਾਪਰ ਵੱਲੋਂ ਸਿਹਤ ਵਿਭਾਗ ਦੇ ਫਰੰਟ ਲਾਈਨ ਯੋਧਿਆਂ ਲਈ ਵੀ 300 ਪੀ. ਪੀ. ਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਉਹ ਭੁਲੱਥ ਹਲਕੇ ਵਿਚ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ, ਦਸਤਾਨੇ, ਮਾਸਕ, ਸੈਨੀਟਾਈਜ਼ਰ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾ ਚੁੱਕੇ ਹਨ। ਇਸ ਮੌਕੇ ਏ. ਐਸ. ਪੀ ਭੁਲੱਥ ਡਾ. ਸਿਮਰਤ ਕੌਰ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਸਰਪੰਚ ਸ. ਸਤਵਿੰਦਰ ਸਿੰਘ ਸ਼ੇਰਗਿੱਲ, ਸ. ਨੱਥਾ ਸਿੰਘ ਮੱਲੀ, ਸ. ਗੁਰਵਿੰਦਰ ਸਿੰਘ ਸੋਹੀ, ਸ. ਰਣਜੀਤ ਸਿੰਘ ਚੀਮਾ, ਸ. ਮਹਿੰਦਰ ਸਿੰਘ ਹਮੀਰਾ, ਸ਼ ਸੁਖਦੇਵ ਸਿੰਘ, ਸ. ਗੁਰਨਾਮ ਸਿੰਘ ਕਾਦੂਪੁਰ, ਡਾ. ਗੁਰਮੇਜ ਸਿੰਘ ਭੱਟੀ, ਸਮਾਜ ਸੇਵੀ ਮਾਸਟਰ ਰਾਜਪਾਲ, ਸ੍ਰੀ ਰਵੀ ਥਾਪਰ, ਸ੍ਰੀ ਰਾਜੂ ਥਾਪਰ ਅਤੇ ਹੋਰ ਹਾਜ਼ਰ ਸਨ। 

ਕੈਪਸ਼ਨ : -ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਨੂੰ ਪੀ. ਪੀ. ਈ ਕਿੱਟਾਂ ਭੇਟ ਕਰਦੇ ਹੋਏ ਚੇਅਰਮੈਨ ਸ੍ਰੀ ਗੁਰਮੀਤ ਸਿੰਘ ਥਾਪਰ। ਨਾਲ ਹਨ ਏ. ਐਸ. ਪੀ ਭੁਲੱਥ ਡਾ. ਸਿਮਰਤ ਕੌਰ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ ਅਤੇ ਹੋਰ।