ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-
ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਪਿਛਲੇ ਕੁਝ ਦਿਨਾਂ ਵਿਚ ਕਪੂਰਥਲਾ ਜ਼ਿਲੇ ਦੀ ਹੱਦ ਨਾਲ ਲੱਗਦੇ ਕੁਝ ਜ਼ਿਲਿਆਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੋਜਦਾਰੀ ਜ਼ਾਬਤਾ 1973 ਦੀ ਧਾਰਾ 144 ਅਤੇ ਐਪੀਡੇਮਿਕਸ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨਾਲ ਸਬੰਧਤ ਧਾਰਾਵਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 21 ਅਪ੍ਰੈਲ 2020 ਨੂੰ ਕਿਸੇ ਹੋਰ ਜ਼ਿਲੇ ਵਿਚੋਂ ਆ ਰਹੇ ਕਿਸੇ ਵੀ ਵਿਅਕਤੀ ਨੂੰ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਦੀ ਆਗਿਆ ਦੇਣ ਸਬੰਧੀ ਜਾਰੀ ਹੁਕਮਾਂ ਵਿਚ ਅੰਤਰ-ਜ਼ਿਲਾ ਹੱਦਾਂ ’ਤੇ 20 ਚੈੱਕ ਪੁਆਇੰਟਾਂ/ਨਾਕਿਆਂ ਦੀ ਸੂਚੀ ਜਾਰੀ ਕੀਤੀ ਗਈ ਸੀ। ਜ਼ਿਲਾ ਮੈਜਿਸਟ੍ਰੇਟ ਵੱਲੋਂ ਇਸ ਸਬੰਧੀ ਅੱਜ ਜਾਰੀ ਕੀਤੇ ਗਏ ਹੁਕਮਾਂ ਵਿਚ ਸਬ-ਡਵੀਜ਼ਨ ਪੱਧਰ ’ਤੇ ਇਨਾਂ 20 ਚੈੱਕ ਪੁਆਇੰਟਾਂ/ਨਾਕਿਆਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ ਗਈ ਹੈ, ਜਿਨਾਂ ’ਤੇ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਸਕਰੀਨਿੰਗ ਕੀਤੀ ਜਾਵੇਗੀ।
ਸੋਧੀ ਹੋਈ ਸੂਚੀ ਅਨੁਸਾਰ ਹੁਣ ਕਪੂਰਥਲਾ ਸਬ-ਡਵੀਜ਼ਨ ਵਿਖੇ ਇਹ ਨਾਕੇ ਆਧੀ ਖੂਹੀ (ਜਲੰਧਰ-ਕਪੂਰਥਲਾ ਰੋਡ), ਕਾਂਜਲੀ ਪੁਲ, ਫੱਤੂ ਢੀਂਗਾ, ਬਾਬਾ ਦੀਪ ਸਿੰਘ ਨਗਰ, ਕਾਲਾ ਸੰਘਿਆਂ ਚੌਕ, ਕਾਲਾ ਸੰਘਿਆਂ ਰੋਡ ’ਤੇ ਐਸ. ਐਸ. ਕੇ ਫੈਕਟਰੀ ਨਜ਼ਦੀਕ (ਵਾਈ ਪੁਆਇੰਟ) ਅਤੇ ਕਾਲਾ-ਸੰਘਿਆਂ-ਜਲੰਧਰ ਰੋਡ ’ਤੇ ਜੈ ਰਾਮਪੁਰ ਵਿਖੇ ਲੱਗਣਗੇ।
ਇਸੇ ਤਰਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਇਹ ਨਾਕੇ ਅੱਡਾ ਦੀਪੇਵਾਲ, ਡੱਲਾ ਸਾਹਿਬ ਚੌਕੀ, ਸ਼ਹੀਦ ੳੂਧਮ ਸਿੰਘ ਚੌਕ ਅਤੇ ਮੁੰਡੀ ਮੋੜ ਵਿਖੇ ਲੱਗਣਗੇ।
ਭੁਲੱਥ ਸਬ-ਡਵੀਜ਼ਨ ਵਿਚ ਅੱਡਾ ਸਰੂਪਵਾਲ, ਭੱਠਾ ਬਜਾਜਾਂ ਅੱਡਾ, ਰਾਮਗੜ ਮੱਲੀਆਂ ਮੋੜ, ਦਿਆਲਪੁਰ ਹਮੀਰਾ ਅਤੇ ਢਿਲਵਾਂ ਟੋਲ ਪਲਾਜ਼ਾ ’ਤੇ ਇਹ ਨਾਕੇ ਲੱਗਣਗੇ।
ਇਸ ਤੋਂ ਇਲਾਵਾ ਫਗਵਾੜਾ ਸਬ-ਡਵੀਜ਼ਨ ਵਿਚ ਇਹ ਨਾਕੇ ਖਜੂਰਲਾ (ਫਗਵਾੜਾ-ਜਲੰਧਰ ਰੋਡ), ਦਰਵੇਸ਼ ਪਿੰਡ (ਫਗਵਾੜਾ-ਨਕੋਦਰ ਰੋਡ), ਜਮਾਲਪੁਰ (ਫਗਵਾੜਾ-ਲੁਧਿਆਣਾ ਰਾਸ਼ਟਰੀ ਰਾਜਮਾਰਗ) ਅਤੇ ਗੌਂਸਪੁਰ ਕੱਟ (ਫਗਵਾੜਾ-ਬੰਗਾ-ਨਵਾਂਸ਼ਹਿਰ ਰੋਡ) ਵਿਖੇ ਲੱਗਣਗੇ।
ਉਪਰੋਕਤ ਸਾਰੇ ਅੰਤਰ-ਜ਼ਿਲਾ ਨਾਕਿਆਂ ’ਤੇ ਸਕਰੀਨਿੰਗ 24 ਘੰਟੇ ਹੋਵੇਗੀ ਅਤੇ ਸਮੁੱਚੀ ਸਕਰੀਨਿੰਗ ਦਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਪੂਰਾ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਵਿਅਕਤੀ ਵਿਚ ਖਾਂਸੀ, ਬੁਖਾਰ, ਫਲੂ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਸਬੰਧਤ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇਗਾ।
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।