ਜ਼ਿਲਾ ਮੈਜਿਸਟ੍ਰੇਟ ਵੱਲੋਂ ਇੰਸ਼ੋਰੈਂਸ ਕੰਪਨੀਆਂ ਅਤੇ ਨੈਸ਼ਨਲ ਹਾਈਵੇਅ ’ਤੇ ਪੈਂਦੇ ਢਾਬਿਆਂ ਸਬੰਧੀ ਹੁਕਮ ਜਾਰੀ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਗ੍ਰਹਿ ਵਿਭਾਗ, ਪੰਜਾਬ ਸਰਕਾਰ ਵੱਲੋਂ ਮਿਤੀ 15 ਅਪ੍ਰੈਲ 2020 ਰਾਹੀਂ ਜਾਰੀ ਗਾਈਡ ਲਾਈਨਜ਼ ਨਾਲ ਨੱਥੀ ਪ੍ਰਾਪਤ ਹੋਏ ਭਾਰਤ ਸਰਕਾਰ ਦੇ ਪੱਤਰ ਅਨੁਸਾਰ ਅਤੇ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਮਿਤੀ 19 ਅਪ੍ਰੈਲ 2020 ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਛੋਟ ਦੇ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਇਹ ਛੋਟ ਕੰਨਟੇਨਮੈਂਟ ਜ਼ੋਨ (ਭਾਵ ਜਿਥੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਵੇ) ’ਤੇ ਲਾਗੂ ਨਹੀਂ ਹੋਵੇਗੀ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋਂ ਜਾਰੀ ਪੱਤਰ ਵਿਚ ਇੰਸ਼ੋਰੈਂਸ ਕੰਪਨੀਆਂ ਨੂੰ ਢਿੱਲ ਦੇਣ ਬਾਰੇ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਜ਼ਿਲਾ ਕਪੂਰਥਲਾ ਦੇ ਸਮੂਹ ਪ੍ਰਾਈਵੇਟ/ਸਰਕਾਰੀ/ਅਰਧ ਸਰਕਾਰੀ ਇੰਸ਼ੋਰੈਂਸ ਕੰਪਨੀਆਂ ਦੇ  ਮੁੱਖ ਦਫ਼ਤਰ ਕਪੂਰਥਲਾ ਨੂੰ ਕੇਵਲ ਸਾਲਾਨਾ ਅਕਾੳੂਂਟ ਕਲੋਜ਼ਿੰਗ ਲਈ ਦਫ਼ਤਰ ਖੋਲਣ ਦੀ ਪ੍ਰਵਾਨਗੀ ਇਨਾਂ ਸ਼ਰਤਾਂ ’ਤੇ ਦਿੱਤੀ ਗਈ ਹੈ ਕਿ ਇਹ ਕੰਪਨੀ ਆਪਣੇ 33 ਫੀਸਦੀ ਸਟਾਫ ਨਾਲ ਹੀ ਉਕਤ ਕੰਮ ਨੂੰ ਨੇਪਰੇ ਚਾੜੇਗੀ। ਕੰਮ ਕਰਨ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਇਸ ਦੌਰਾਨ ਕੇਵਲ ਦਫ਼ਤਰੀ ਕੰਮਕਾਜ਼ ਹੀ ਕੀਤਾ ਜਾਵੇਗਾ, ਕਿਸੇ ਪ੍ਰਕਾਰ ਦੀ ਪਬਲਿਕ ਡੀਿਗ ਕਰਨ ’ਤੇ ਸਖ਼ਤ ਮਨਾਹੀ ਹੋਵੇਗੀ।

  ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਸਾਰੇ ਢਾਬੇ ਪਹਿਲਾਂ ਦੀ ਤਰਾਂ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਖੁੱਲੇ ਰਹਿਣਗੇ। ਢਾਬੇ ਤੋਂ ਖਾਣ-ਪੀਣ ਦਾ ਸਾਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰੰਤੂ ਢਾਬੇ ’ਤੇ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਪੰਜਾਬ ਅੰਦਰ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪੜੇ ਦਾ ਮਾਸਕ ਜਾਂ ਟਿ੍ਰਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਹਰੇਕ ਅਦਾਰਾ ਇਹ ਯਕੀਨੀ ਬਣਾਏਗਾ ਕਿ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜ਼ਰੂਰ ਲਗਾਇਆ ਹੋਵੇ ਅਤੇ ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਸਾਫ਼-ਸਫ਼ਾਈ ਤੇ ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਵੱਲੋਂ ਜਨਤਕ ਸਥਾਨਾਂ/ਸੜਕਾਂ ਆਦਿ ’ਤੇ ਥੁੱਕਣ ਦੀ ਸਖ਼ਤ ਮਨਾਹੀ ਹੋਵੇਗੀ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।